ਮੋਗਾ, 30 ਜੂਨ ( ਜਸ਼ਨ ) ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵੱਲੋਂ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ
ਸੈਣੀ ਅਤੇ ਚੇਅਰਪਰਸਨ ਸ੍ਰੀਮਤੀ ਕਮਲ ਸੈਣੀ ਦੀ ਦੂਰਅੰਦੇਸ਼ ਅਗਵਾਈ ਹੇਠ ਸੀ.ਬੀ.ਐੱਸ.ਈ. ਦਾ ਦੋ ਰੋਜ਼ਾ ਸਮਰੱਥਾ
ਨਿਰਮਾਣ ਪ੍ਰੋਗਰਾਮ ‘ਆਰਟਸ ਇੰਟੀਗ੍ਰੇਸ਼ਨ’ ਅਤੇ ‘ਥਿਊਰੀ ਆਫ਼ੳਮਪ; ਨੌਲਿਜ’ ਵਿਸ਼ਿਆਂ ’ਤੇ ਸਫਲਤਾਪੂਰਵਕ ਕਰਵਾਇਆ
ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਆਧੁਨਿਕ ਅਧਿਆਪਨ ਵਿਧੀਆਂ, ਰਚਨਾਤਮਕ ਸਿੱਖਿਆ,
ਅਨੁਭਵਾਤਮਕ ਅਧਿਐਨ ਅਤੇ ਚਿੰਤਨਸ਼ੀਲ ਸਿੱਖਣ ਪ੍ਰਕਿਰਿਆ ਨਾਲ ਜਾਣੂ ਕਰਵਾਉਣਾ ਸੀ, ਤਾਂ ਜੋ ਉਹ ਵਿਦਿਆਰਥੀਆਂ
ਲਈ ਹੋਰ ਪ੍ਰਭਾਵਸ਼ਾਲੀ ਅਤੇ ਰੁਚਿਕਰ ਸਿੱਖਣ ਦਾ ਮਾਹੌਲ ਤਿਆਰ ਕਰ ਸਕਣ। ਪ੍ਰੋਗਰਾਮ ਦੇ ਪਹਿਲੇ ਦਿਨ ‘ਆਰਟਸ
ਇੰਟੀਗ੍ਰੇਸ਼ਨ’ ਵਿਸ਼ੇ ’ਤੇ ਡੀ.ਏ.ਵੀ. ਪਬਲਿਕ ਸਕੂਲ, ਸਰਾਭਾ ਨਗਰ ਐਕਸਟੈਂਸ਼ਨ, ਲੁਧਿਆਣਾ ਦੀ ਅਕਾਦਮਿਕ ਸੁਪਰਵਾਈਜ਼ਰ
ਸ੍ਰੀਮਤੀ ਜੇ. ਐੱਸ. ਸ਼ਰਮਾ ਅਤੇ ਨੈਸ਼ਨਲ ਕਾਨਵੈਂਟ ਸਕੂਲ, ਮੋਗਾ ਦੀ ਵਾਈਸ ਪ੍ਰਿੰਸੀਪਲ ਸ੍ਰੀਮਤੀ ਹਰਲੀਨ ਕੌਰ ਨੇ
ਰਿਸੋਰਸ ਪਰਸਨ ਵਜੋਂ ਅਧਿਆਪਕਾਂ ਨੂੰ ਮਾਰਗਦਰਸ਼ਨ ਦਿੱਤਾ। ਉਨ੍ਹਾਂ ਨੇ ਕਲਾ ਨੂੰ ਸਿੱਖਿਆ ਨਾਲ ਜੋੜਨ ਦੀ ਮਹੱਤਤਾ,
ਅਨੁਭਵਾਤਮਕ ਅਤੇ ਖੁਸ਼ਹਾਲ ਸਿੱਖਣ. ਰਚਨਾਤਮਕਤਾ ਦੇ ਵਿਕਾਸ ਅਤੇ ਸਿੱਖਣ ਦੇ ਨਤੀਜਿਆਂ ਨੂੰ ਹੋਰ ਪ੍ਰਭਾਵਸ਼ਾਲੀ
ਬਣਾਉਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਅਧਿਆਪਕਾਂ ਨੇ ਥਿੰਕ-ਪੇਅਰ-ਸ਼ੇਅਰ
ਗਤੀਵਿਧੀਆਂ, ਗਰੁੱਪ ਚਰਚਾਵਾਂ, ਸਹਿਯੋਗਾਤਮਕ ਪਾਠ ਯੋਜਨਾ ਤਿਆਰ ਕਰਨਾ, ਵਿਸ਼ਾ-ਅਧਾਰਿਤ ਪ੍ਰਸਤੁਤੀਆਂ,
ਰਚਨਾਤਮਕਤਾ ਮੁਲਾਂਕਣ, ਮਿਊਜ਼ੀਅਮ ਅਤੇ ਵਿਰਾਸਤੀ ਸਥਾਨਾਂ ਨਾਲ ਸੰਬੰਧਿਤ ਗਤੀਵਿਧੀਆਂ, ਰੋਲ ਪਲੇਅ, ਸੰਗੀਤ
ਅਤੇ ਨ੍ਰਿਤ ਅਧਾਰਿਤ ਸਿੱਖਣ, ਹੱਥੀਂ ਕਰਵਾਈਆਂ ਜਾਣ ਵਾਲੀਆਂ ਕਲਾਸਰੂਮ ਗਤੀਵਿਧੀਆਂ ਅਤੇ ਵਿਚਾਰ-ਵਟਾਂਦਰੇ ਵਿੱਚ
ਉਤਸ਼ਾਹ ਨਾਲ ਭਾਗ ਲਿਆ। ਸਰੋਤ ਵਿਅਕਤੀਆਂ ਨੇ ਅਧਿਆਪਕਾਂ ਨੂੰ ਕਲਾ ਆਧਾਰਿਤ ਪਾਠ ਯੋਜਨਾਵਾਂ ਤਿਆਰ ਕਰਨ,
ਵੱਖ-ਵੱਖ ਵਿਸ਼ਿਆਂ ਨੂੰ ਕਲਾ ਨਾਲ ਜੋੜਨ ਅਤੇ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਸੰਚਾਰ ਕੌਸ਼ਲ, ਸਹਿਯੋਗ ਅਤੇ
ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਵਿਕਸਤ ਕਰਨ ਲਈ ਨਵੀਆਂ ਰਣਨੀਤੀਆਂ ਬਾਰੇ ਵੀ ਜਾਣੂ ਕਰਵਾਇਆ। ਪ੍ਰੋਗਰਾਮ ਦੇ
ਦੂਜੇ ਦਿਨ ‘ਥਿਊਰੀ ਆਫ਼ੳਮਪ; ਨੌਲਿਜ’ ਵਿਸ਼ੇ ’ਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਪਿੰਡ
ਕੁੱਸਾ (ਮੋਗਾ) ਦੀ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਕੌਰ ਹੁੰਜਣ ਅਤੇ ਬਲੌਸਮਜ਼ ਕਾਨਵੈਂਟ, ਜਗਰਾਓਂ (ਲੁਧਿਆਣਾ) ਦੀ
ਪ੍ਰਿੰਸੀਪਲ ਡਾ. ਨਵਨੀਤ ਕੌਰ ਨੇ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਪ੍ਰੇਰਣਾਦਾਇਕ ਸੈਸ਼ਨ ਕਰਵਾਏ। ਇਨ੍ਹਾਂ ਸੈਸ਼ਨਾਂ
ਦੌਰਾਨ ਅਧਿਆਪਕਾਂ ਨੂੰ ਗਿਆਨ ਦੀ ਪ੍ਰਕਿਰਤੀ, ਸੱਚਾਈ, ਵਿਸ਼ਵਾਸ, ਤਰਕ, ਅਨੁਭਵ, ਭਾਸ਼ਾ, ਸਾਖੀ, ਅਨੁਮਾਨ, ਪ੍ਰਤੱਖ
ਗਿਆਨ, ਅੰਤਰ-ਗਿਆਨ ਅਤੇ ਚਿੰਤਨਸ਼ੀਲ ਸਿੱਖਣ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਸ ਤੋਂ
ਇਲਾਵਾ ਸਵੈ-ਚਿੰਤਨ ਗਤੀਵਿਧੀਆਂ, ਗਰੁੱਪ ਚਰਚਾਵਾਂ, ਕੇਸ ਸਟੱਡੀਜ਼, ਦਾਰਸ਼ਨਿਕ ਵਿਚਾਰ-ਵਟਾਂਦਰੇ, ਤਰਕਸ਼ੀਲ ਸੋਚ ਵਿਕਸਤ
ਕਰਨ ਵਾਲੀਆਂ ਗਤੀਵਿਧੀਆਂ, ਵਰਕਸ਼ੀਟ ਅਧਾਰਿਤ ਸਿੱਖਣ, ਕਲਾਸਰੂਮ ਸਥਿਤੀਆਂ ਦਾ ਵਿਸ਼ਲੇਸ਼ਣ ਅਤੇ ਗਿਆਨ ਨਿਰਮਾਣ
ਸੰਬੰਧੀ ਅਭਿਆਸਾਂ ਰਾਹੀਂ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਆਲੋਚਨਾਤਮਕ ਸੋਚ, ਜਿਗਿਆਸਾ, ਤਰਕਸ਼ੀਲਤਾ
ਅਤੇ ਖੋਜ-ਆਧਾਰਿਤ ਸਿੱਖਣ ਨੂੰ ਉਤਸ਼ਾਹਿਤ ਕਰਨ ਦੀਆਂ ਵਿਧੀਆਂ ਨਾਲ ਜਾਣੂ ਕਰਵਾਇਆ ਗਿਆ। ਦੋਵਾਂ ਦਿਨਾਂ
ਦੌਰਾਨ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਹਰ ਗਤੀਵਿਧੀ ਵਿੱਚ ਭਾਗ ਲੈਂਦਿਆਂ ਆਪਣੇ ਵਿਚਾਰ ਸਾਂਝੇ ਕੀਤੇ,
ਅਧਿਆਪਨ ਦੇ ਤਜ਼ਰਬਿਆਂ ’ਤੇ ਚਰਚਾ ਕੀਤੀ ਅਤੇ ਨਵੀਆਂ ਸਿੱਖਣ-ਸਿਖਾਉਣ ਦੀਆਂ ਤਕਨੀਕਾਂ ਨੂੰ ਅਪਣਾਉਣ ਲਈ
ਸਹਿਯੋਗਾਤਮਕ ਢੰਗ ਨਾਲ ਕੰਮ ਕੀਤਾ। ਪ੍ਰੋਗਰਾਮ ਦੀ ਗਤੀਵਿਧੀ-ਅਧਾਰਿਤ ਪਹੁੰਚ ਨੇ ਅਧਿਆਪਕਾਂ ਨੂੰ ਰਚਨਾਤਮਕ,
ਵਿਦਿਆਰਥੀ-ਕੇਂਦਰਿਤ ਅਤੇ ਪ੍ਰਭਾਵਸ਼ਾਲੀ ਅਧਿਆਪਨ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ
ਬਲੂਮਿੰਗ ਬਡਜ਼ ਸਕੂਲ ਵਿੱਚ ਅਧਿਆਪਕਾਂ ਦੀ ਸਮਰੱਥਾ ਵਿੱਚ ਨਿਰੰਤਰ ਵਾਧਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ
ਹਨ। ਇਸੇ ਲੜੀ ਤਹਿਤ ਸੀ.ਬੀ.ਐੱਸ.ਈ. ਵੱਲੋਂ ਸਮੇਂ-ਸਮੇਂ ’ਤੇ ਕਰਵਾਏ ਜਾਣ ਵਾਲੇ ਸਮਰੱਥਾ ਨਿਰਮਾਣ
ਪ੍ਰੋਗਰਾਮਾਂ ਦੇ ਨਾਲ-ਨਾਲ ਵੱਖ-ਵੱਖ ਵਰਕਸ਼ਾਪਾਂ ਅਤੇ ਸਿਖਲਾਈ ਸੈਸ਼ਨਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ।
ਇਨ੍ਹਾਂ ਸਿਖਲਾਈ ਪ੍ਰੋਗਰਾਮਾਂ ਰਾਹੀਂ ਅਧਿਆਪਕ ਆਪਣੇ ਗਿਆਨ ਅਤੇ ਅਧਿਆਪਨ ਕੌਸ਼ਲ ਨੂੰ ਹੋਰ ਨਿਖਾਰਦੇ ਹਨ, ਜਿਸ
ਨਾਲ ਵਿਦਿਆਰਥੀਆਂ ਨੂੰ ਆਧੁਨਿਕ, ਰਚਨਾਤਮਕ ਅਤੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨਾ ਸੰਭਵ ਹੋ ਸਕਦਾ
ਹੈ। ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਦੌਰਾਨ ਭਾਗ ਲੈਣ ਵਾਲੇ ਅਧਿਆਪਕਾਂ ਨੇ ਵਰਕਸ਼ਾਪ ਦੀ ਵਿਹਾਰਕ ਅਤੇ
ਗਤੀਵਿਧੀ-ਅਧਾਰਿਤ ਪਹੁੰਚ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ
ਵਾਈਸ ਪ੍ਰਿੰਸੀਪਲ ਡਾ. ਨਿਧੀ ਬਰਾੜ ਨੇ ਚਾਰੇ ਸਰੋਤ ਵਿਅਕਤੀਆਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ
ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਅਧਿਆਪਕਾਂ ਨੂੰ ਨਵੀਆਂ ਸੋਚਾਂ, ਆਧੁਨਿਕ
ਅਧਿਆਪਨ ਤਕਨੀਕਾਂ ਅਤੇ ਪ੍ਰੇਰਣਾਦਾਇਕ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਸਰੋਤ ਵਿਅਕਤੀਆਂ ਦੀ ਭਰਪੂਰ ਸਰਾਹਨਾ
ਕੀਤੀ।