ਪੁਲਿਸ ਦਾ ਦਾਅਵਾ – ਭੀੜ ਨੇ ਥਾਣੇ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਮੁਲਾਜ਼ਮਾਂ ਨਾਲ ਧੱਕਾਮੁੱਕੀ ਕੀਤੀ

ਐਫਆਈਆਰ ਨੰਬਰ 90 ਤਹਿਤ ਗ੍ਰਿਫ਼ਤਾਰ ਜੋਬਨਪ੍ਰੀਤ ਨੂੰ ਛੁਡਾਉਣ ਲਈ ਰਚੀ ਗਈ ਸੀ ਸਾਜ਼ਿਸ਼: ਐਸਐਸਪੀ

ਐਸਆਈਟੀ ਗਠਿਤ, ਵੀਡੀਓ ਦੇ ਆਧਾਰ 'ਤੇ ਹੋਰ ਮੁਲਜ਼ਮਾਂ ਦੀ ਪਛਾਣ ਜਾਰੀ

ਅੰਮ੍ਰਿਤਸਰ ਸਾਹਿਬ , 1 ਜੂਨ (ਜਸ਼ਨ ): ਮਜੀਠਾ ਥਾਣੇ ਵਿੱਚ ਪੁਲਿਸ ਹਿਰਾਸਤ ਦੌਰਾਨ ਵਾਪਰੀ ਇੱਕ ਘਟਨਾ ਨੂੰ ਲੈ ਕੇ ਪੁਲਿਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਵਿਵਾਦ ਹੋਰ ਗਹਿਰਾ ਹੋ ਗਿਆ ਹੈ। ਐਸਐਸਪੀ ਦਿਹਾਤੀ ਸੁਹੇਲ ਮੀਰ ਕਾਸਿਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਮਜੀਠਾ ਥਾਣੇ ਵਿੱਚ ਕਾਨੂੰਨੀ ਹਿਰਾਸਤ ਵਿੱਚ ਰੱਖੇ ਗਏ ਮੁਲਜ਼ਮ ਜੋਬਨਪ੍ਰੀਤ ਸਿੰਘ ਨੂੰ ਛੁਡਾਉਣ ਲਈ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਭੀੜ ਨੇ ਥਾਣੇ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਪੁਲਿਸ ਕਾਰਵਾਈ ਵਿੱਚ ਰੁਕਾਵਟ ਪਾਈ।

ਐਸਐਸਪੀ ਨੇ ਦੱਸਿਆ ਕਿ ਮੁਕੱਦਮਾ ਨੰਬਰ 90, ਮਿਤੀ 30 ਮਈ 2026 ਤਹਿਤ ਦਰਜ ਮਾਮਲੇ ਵਿੱਚ ਸੋਹੀਆਂ ਕਲਾਂ ਦੇ ਰਹਿਣ ਵਾਲੇ ਜੋਬਨਪ੍ਰੀਤ ਸਿੰਘ ਨੂੰ ਮਜੀਠਾ ਪੁਲਿਸ ਨੇ ਕਾਨੂੰਨੀ ਤੌਰ ’ਤੇ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਸਵੇਰੇ ਕਰੀਬ ਸਾਢੇ ਦੱਸ ਵਜੇ ਥਾਣੇ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਭੀੜ ਨੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਥਾਣੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਦੋਸ਼ ਲਾਇਆ ਕਿ ਇਸ ਭੀੜ ਦਾ ਮੁੱਖ ਮਕਸਦ ਪੁਲਿਸ ਹਿਰਾਸਤ ਵਿੱਚ ਮੌਜੂਦ ਮੁਲਜ਼ਮ ਨੂੰ ਛੁਡਾਉਣਾ ਸੀ। ਐਸਐਸਪੀ ਮੁਤਾਬਕ ਇਸ ਘਟਨਾ ਵਿੱਚ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਸਨ। ਪੁਲਿਸ ਦਾ ਕਹਿਣਾ ਹੈ ਕਿ ਭੀੜ ਨੇ ਬਿਨਾਂ ਕਿਸੇ ਅਧਿਕਾਰ ਦੇ ਥਾਣੇ ਦੇ ਵੱਖ-ਵੱਖ ਕਮਰਿਆਂ ਵਿੱਚ ਦਾਖਲ ਹੋ ਕੇ ਤਲਾਸ਼ੀ ਲਈ, ਸਰਕਾਰੀ ਰਿਕਾਰਡ ਅਤੇ ਕੇਸ ਫਾਈਲਾਂ ਨਾਲ ਛੇੜਛਾੜ ਕੀਤੀ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ।

ਐਸਐਸਪੀ ਨੇ ਕਿਹਾ ਕਿ ਜਦੋਂ ਐਸਐਚਓ ਅਤੇ ਡੀਐਸਪੀ ਮਜੀਠਾ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਭੀੜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੋਬਨਪ੍ਰੀਤ ਦੀ ਗ੍ਰਿਫ਼ਤਾਰੀ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਸਾਰੇ ਦਸਤਾਵੇਜ਼ ਮੌਜੂਦ ਹਨ। ਇਸ ਦੇ ਬਾਵਜੂਦ ਕੁਝ ਲੋਕਾਂ ਨੇ ਮੁਲਜ਼ਮ ਨੂੰ ਕਮਰੇ ਵਿੱਚੋਂ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਮੁਲਾਜ਼ਮਾਂ ਨਾਲ ਧੱਕਾਮੁੱਕੀ ਕੀਤੀ। ਇਸ ਦੌਰਾਨ ਐਸਐਚਓ ਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਵੀ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਸੂਝਬੂਝ ਅਤੇ ਬਹਾਦਰੀ ਨਾਲ ਸਥਿਤੀ ਨੂੰ ਕਾਬੂ ਕੀਤਾ ਅਤੇ ਮੁਲਜ਼ਮ ਨੂੰ ਮੁੜ ਪੁਲਿਸ ਹਿਰਾਸਤ ਵਿੱਚ ਲਿਆ ਗਿਆ। ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਵੱਲੋਂ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਐਸਪੀ ਪੀਬੀਆਈ ਕਰ ਰਹੇ ਹਨ। ਟੀਮ ਵਿੱਚ ਦੋ ਡੀਐਸਪੀ ਅਤੇ ਇੱਕ ਐਸਐਚਓ ਪੱਧਰ ਦੇ ਅਧਿਕਾਰੀ ਵੀ ਸ਼ਾਮਲ ਹਨ।

ਐਸਐਸਪੀ ਸੁਹੇਲ ਮੀਰ ਕਾਸਿਮ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ ਅਤੇ ਕੋਈ ਵੀ ਵਿਅਕਤੀ, ਭਾਵੇਂ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਕਾਨੂੰਨ ਤੋਂ ਉੱਪਰ ਨਹੀਂ। ਉਨ੍ਹਾਂ ਦੱਸਿਆ ਕਿ ਘਟਨਾ ਦੀਆਂ ਵੀਡੀਓਜ਼ ਦੇ ਆਧਾਰ ’ਤੇ ਹੁਣ ਤੱਕ 6 ਤੋਂ 7 ਵਿਅਕਤੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਜਦਕਿ ਕਰੀਬ 50 ਤੋਂ ਵੱਧ ਲੋਕ ਮੌਕੇ ’ਤੇ ਮੌਜੂਦ ਸਨ। ਬਾਕੀ ਵਿਅਕਤੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਓਧਰ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਿਹਾਇਸ਼ ਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਦੇਖੀ ਗਈ ਪਰ ਮਜੀਠੀਆ ਘਰ ਵਿਚ ਨਹੀਂ ਸਨ।