ਮੋਗਾ, 8 ਜੁਲਾਈ (ਜਸ਼ਨ ) ਥਾਣਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਨੱਥੋਕੇ ਦੇ ਰਹਿਣ ਵਾਲੇ ਜਸਵੰਤ ਸਿੰਘ ਉਰਫ਼ ਗੱਗੂ ਨਾਲ ਕਥਿਤ ਤੌਰ ’ਤੇ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਰੰਜਿਸ਼ਨ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਬਾਘਾ ਪੁਰਾਣਾ ਪੁਲਸ ਨੇ ਠੇਕੇਦਾਰਾਂ ਸਮੇਤ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਜ਼ਖ਼ਮੀ ਜਸਵੰਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਦਾਖ਼ਲ ਕਰਵਾਇਆ ਗਿਆ। ਥਾਣਾ ਮੁਖੀ ਜਨਕ ਰਾਜ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜਸਵੰਤ ਸਿੰਘ ਉਰਫ਼ ਗੱਗੂ ਨੇ ਦੱਸਿਆ ਕਿ ਉਹ ਫ਼ਰੀਦਕੋਟ ਵਿਚ ਇੱਕ ਸ਼ਰਾਬ ਠੇਕੇਦਾਰ ਕੋਲ ਪ੍ਰਾਈਵੇਟ ਨੌਕਰੀ ਕਰਦਾ ਹੈ। ਉਸ ਨੇ ਦੱਸਿਆ ਕਿ 7 ਜੁਲਾਈ ਦੀ ਰਾਤ ਉਹ ਬਾਘਾ ਪੁਰਾਣਾ ਆ ਰਿਹਾ ਸੀ ਅਤੇ ਮੁਦਕੀ ਤੋਂ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਤੋਂ ਲਿਫ਼ਟ ਲਈ। ਜਦੋਂ ਉਹ ਰਾਤ ਕਰੀਬ ਸਾਢੇ 8 ਵਜੇ ਬਾਘਾ ਪੁਰਾਣਾ ਪੁੱਜਿਆ ਤਾਂ ਕਥਿਤ ਤੌਰ ’ਤੇ ਬਾਘਾ ਪੁਰਾਣਾ ਦੇ ਸ਼ਰਾਬ ਠੇਕੇਦਾਰਾਂ ਦੀ ਗੱਡੀ ਵਿਚ ਸਵਾਰ ਹਥਿਆਰਬੰਦ ਨੌਜਵਾਨਾਂ ਬੱਚੀ ਵਾਸੀ ਪਿੰਡ ਬਾਰੇਵਾਲਾ, ਕਾਦੀ, ਲਾਲਾ ਵਾਸੀ ਮਹੰਤਾਂ ਵਾਲੀ ਗਲੀ, ਮਨਿੰਦਰ ਸ਼ਰਮਾ ਵਾਸੀ ਸਮਰਾਲਾ ਅਤੇ ਸੁਮਿਤ ਨੇ ਉਸ ਨੂੰ ਗੱਲਾਂ ਵਿਚ ਫਸਾ ਕੇ ਜ਼ਬਰਦਸਤੀ ਆਪਣੀ ਗੱਡੀ ਵਿਚ ਬਿਠਾ ਲਿਆ ਅਤੇ ਮੋਗਾ ਰੋਡ ਸਥਿਤ ਠੇਕੇਦਾਰਾਂ ਦੇ ਦਫ਼ਤਰ ਵਿਚ ਲੈ ਗਏ। ਸ਼ਿਕਾਇਤਕਰਤਾ ਅਨੁਸਾਰ ਉੱਥੇ ਮੌਜੂਦ ਠੇਕੇਦਾਰ ਰਾਜਾ, ਰਾਜਿੰਦਰ ਅਤੇ ਬਿੱਟਾ ਨੇ ਵੀਡੀਓ ਕਾਲ ਰਾਹੀਂ ਕਥਿਤ ਤੌਰ ’ਤੇ ਉਸ ਦੀ ਕੁੱਟਮਾਰ ਕਰਨ ਦੇ ਹੁਕਮ ਦਿੱਤੇ, ਜਿਸ ਤੋਂ ਬਾਅਦ ਕਰਿੰਦਿਆਂ ਨੇ ਉਸ ਦੀ ਪਿੱਠ, ਲੱਤਾਂ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਡੰਡਿਆਂ ਨਾਲ ਬੇਰਹਿਮੀ ਨਾਲ ਹਮਲਾ ਕੀਤਾ। ਉਸ ਨੇ ਦੱਸਿਆ ਕਿ ਰੌਲਾ ਪਾਉਣ ’ਤੇ ਨੇੜਲੇ ਲੋਕ ਮੌਕੇ ’ਤੇ ਪਹੁੰਚੇ ਅਤੇ 112 ਨੰਬਰ ’ਤੇ ਪੁਲਸ ਨੂੰ ਸੂਚਨਾ ਦਿੱਤੀ। ਪੀ.ਸੀ.ਆਰ. ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਬਾਅਦ ਵਿਚ ਉਸ ਦੇ ਭਰਾ ਅੰਗਰੇਜ਼ ਸਿੰਘ ਅਤੇ ਸਤਨਾਮ ਸਿੰਘ ਉਸ ਨੂੰ ਸਿਵਲ ਹਸਪਤਾਲ ਮੋਗਾ ਲੈ ਕੇ ਗਏ। ਜਸਵੰਤ ਸਿੰਘ ਨੇ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਹ ਪਹਿਲਾਂ ਬਾਘਾ ਪੁਰਾਣਾ ਦੇ ਠੇਕੇਦਾਰਾਂ ਕੋਲ 12 ਹਜ਼ਾਰ ਰੁਪਏ ਮਹੀਨਾ ਤਨਖ਼ਾਹ ’ਤੇ ਕੰਮ ਕਰਦਾ ਸੀ, ਪਰ ਨੌਕਰੀ ਛੱਡ ਕੇ ਫ਼ਰੀਦਕੋਟ ਵਿਚ 15 ਹਜ਼ਾਰ ਰੁਪਏ ਮਹੀਨਾ ’ਤੇ ਨੌਕਰੀ ਕਰਨ ਲੱਗ ਪਿਆ। ਪੁਲਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਕਥਿਤ ਮੁਲਜ਼ਮ ਬੱਚੀ ਅਤੇ ਸੁਮਿਤ ਕੁਮਾਰ ਨੂੰ ਕਾਬੂ ਕਰ ਲਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।