ਮੋਗਾ, 30 ਅਗਸਤ (ਜਸ਼ਨ ): ਮੋਗਾ ਜ਼ਿਲੇ ਦੇ ਪਿੰਡ ਪੰਡੋਰੀ ਅਰਾਈਆਂ ਵਾਸੀ ਜਸਪ੍ਰੀਤ ਕੌਰ ਨੇ ਵਰਿੰਦਰਜੀਤ ਸਿੰਘ ਵਾਸੀ ਪਿੰਡ ਮੌਜਗੜ੍ਹ ’ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਕਰਕੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਉਨ੍ਹਾਂ ਦੀ 5 ਏਕੜ ਜ਼ਮੀਨ ਹੜੱਪਣ ਦੇ ਦੋਸ਼ ਲਗਾਏ ਹਨ। ਪੁਲਸ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਧਰਮਕੋਟ ਪੁਲਸ ਨੇ ਜਸਪ੍ਰੀਤ ਕੌਰ ਦੇ ਬਿਆਨਾਂ ’ਤੇ ਵਰਿੰਦਰਜੀਤ ਸਿੰਘ ਵਾਸੀ ਪਿੰਡ ਮੌਜਗੜ੍ਹ, ਜੈਮਲ ਸਿੰਘ ਸੇਵਾਦਾਰ ਵਾਸੀ ਮਾਹਨਪੁਰ, ਜੰਮੂ-ਕਸ਼ਮੀਰ ਅਤੇ ਹਰਵਿੰਦਰ ਸਿੰਘ ਗਲੋਟੀ, ਰੀਡਰ ਤਹਿਸੀਲਦਾਰ ਧਰਮਕੋਟ ਖ਼ਿਲਾਫ਼ ਧੋਖਾਧੜੀ ਅਤੇ ਕਥਿਤ ਮਿਲੀਭੁਗਤ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਮਾਲਕੇ ਪੁਲਸ ਚੌਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੀ ਸ਼ਿਕਾਇਤ ਵਿੱਚ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪੀਪਲ ਸਿੰਘ ਨੇ ਆਪਣੀ 15 ਏਕੜ ਜ਼ਮੀਨ ਵਿੱਚੋਂ ਉਸ ਦੇ ਅਤੇ ਉਸ ਦੀ ਦੂਜੀ ਭੈਣ ਕੁਲਵੰਤ ਕੌਰ ਦੇ ਨਾਮ 5-5 ਏਕੜ ਜ਼ਮੀਨ ਕਰ ਦਿੱਤੀ ਸੀ। ਉਸ ਨੇ ਦੱਸਿਆ ਕਿ ਬਾਅਦ ਵਿੱਚ ਉਸ ਨੇ ਆਪਣੀ 5 ਏਕੜ ਜ਼ਮੀਨ ਆਪਣੇ ਪਤੀ ਚੰਚਲ ਸਿੰਘ ਦੇ ਨਾਮ ਕਰਵਾ ਦਿੱਤੀ ਸੀ। ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਉਕਤ ਜ਼ਮੀਨ ਆਪਣੀਆਂ ਧੀਆਂ ਕਿਰਨਦੀਪ ਕੌਰ ਅਤੇ ਰਾਜਦੀਪ ਕੌਰ ਦੇ ਨਾਮ ਕਰਵਾ ਦਿੱਤੀ ਸੀ। ਪਰ ਸਾਂਝਾ ਖਾਤਾ ਹੋਣ ਕਾਰਨ ਵਰਿੰਦਰਜੀਤ ਸਿੰਘ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਕਰਕੇ ਜਾਅਲੀ ਦਸਤਾਵੇਜ਼ ਤਿਆਰ ਕਰ ਲਏ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਕਥਿਤ ਮੁਲਜ਼ਮਾਂ ਨੇ ਉਸ ਦੇ ਪਿਤਾ ਪੀਪਲ ਸਿੰਘ ਨੂੰ ਕਾਗਜ਼ਾਂ ਵਿੱਚ ਮ੍ਰਿਤਕ ਦਿਖਾ ਦਿੱਤਾ, ਜਦਕਿ ਉਹ ਅਜੇ ਜ਼ਿੰਦਾ ਹਨ। ਇਸ ਤੋਂ ਬਾਅਦ ਕਥਿਤ ਤੌਰ ’ਤੇ ਉਸ ਦੀ ਅਤੇ ਉਸ ਦੇ ਪਿਤਾ ਦੀ ਜ਼ਮੀਨ ਆਪਣੇ ਨਾਮ ਕਰਵਾ ਲਈ। ਉਸ ਨੇ ਦੋਸ਼ ਲਗਾਇਆ ਕਿ ਇਸ ਸਬੰਧੀ ਸਾਰੀਆਂ ਰਿਪੋਰਟਾਂ ਵੀ ਜਾਅਲੀ ਤਿਆਰ ਕੀਤੀਆਂ ਗਈਆਂ, ਜਿਸ ਦਾ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਾ।ਜਸਪ੍ਰੀਤ ਕੌਰ ਨੇ ਦੋਸ਼ ਲਗਾਇਆ ਕਿ ਇਸ ਤਰ੍ਹਾਂ ਕਥਿਤ ਮੁਲਜ਼ਮਾਂ ਨੇ ਆਪਸ ਵਿੱਚ ਮਿਲੀਭੁਗਤ ਕਰਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਅਤੇ ਉਨ੍ਹਾਂ ਦੀ ਜ਼ਮੀਨ ਹੜੱਪ ਲਈ। ਜਾਂਚ ਅਧਿਕਾਰੀ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਜਲਦ ਕਾਬੂ ਆਉਣ ਦੀ ਸੰਭਾਵਨਾ ਹੈ।
ਖ਼ਬਰਾਂ
ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਕਰ ਕੇ ਧੋਖਾਧੜੀ ਨਾਲ ਹੜੱਪੀ ਜ਼ਮੀਨ,ਰੀਡਰ ਸਮੇਤ 3 ਖ਼ਿਲਾਫ਼ ਮਾਮਲਾ ਦਰਜ
* 5 ਏਕੜ ਜ਼ਮੀਨ ਹੜੱਪਣ ਦੇ ਦੋਸ਼
31 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



