ਮੋਗਾ, 23 ਜੁਲਾਈ (ਜਸ਼ਨ ) : ਪੰਜਾਬ ਸਰਕਾਰ ਵੱਲੋਂ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਉਦੇਸ਼ ਤਹਿਤ ਮੋਗਾ ਜ਼ਿਲ੍ਹੇ ਵਿੱਚ ਅੱਜ 105.49 ਕਰੋੜ ਰੁਪਏ ਦੀ ਲਾਗਤ ਵਾਲੀਆਂ ਸਿੰਚਾਈ ਯੋਜਨਾਵਾਂ ਲੋਕ ਅਰਪਿਤ ਕੀਤੀਆਂ ਗਈਆਂ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਮੋਗਾ, ਬਾਘਾਪੁਰਾਣਾ ਅਤੇ ਧਰਮਕੋਟ ਹਲਕਿਆਂ ਵਿੱਚ ਸੂਆਂ/ਰਜਬਾਹਿਆਂ ਦੀ ਕਾਂਕਰੀਟ ਲਾਈਨਿੰਗ ਅਤੇ ਜ਼ਮੀਨਦੋਜ਼ ਪਾਈਪਾਂ ਰਾਹੀਂ ਸਿੰਚਾਈ ਨਾਲ ਸਬੰਧਤ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਮੰਤਰੀ ਨੇ ਮੋਗਾ ਦੇ ਪਿੰਡ ਝੰਡੇਆਣਾ, ਬਾਘਾਪੁਰਾਣਾ ਦੇ ਪਿੰਡ ਸੁਖਾਨੰਦ ਅਤੇ ਸਾਹੋਕੇ, ਅਤੇ ਧਰਮਕੋਟ ਹਲਕੇ ਦੇ ਪਿੰਡ ਨੂਰਪੁਰ ਹਕੀਮਾਂ ਵਿੱਚ ਇਨ੍ਹਾਂ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਨ੍ਹਾਂ ਯੋਜਨਾਵਾਂ ਨਾਲ ਜ਼ਿਲ੍ਹੇ ਦੇ ਕਰੀਬ 94 ਪਿੰਡਾਂ ਨੂੰ ਸਿੱਧਾ ਲਾਭ ਮਿਲੇਗਾ ਅਤੇ 20,085 ਏਕੜ ਵਾਧੂ ਰਕਬਾ ਨਹਿਰੀ ਸਿੰਚਾਈ ਹੇਠ ਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚੇ ਤਾਂ ਜੋ ਭੂ-ਜਲ ਦੀ ਸੰਭਾਲ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਪਹਿਲਾਂ ਸੂਬੇ ਵਿੱਚ ਨਹਿਰੀ ਪਾਣੀ ਦੀ ਵਰਤੋਂ ਕੇਵਲ 17-18 ਫੀਸਦੀ ਸੀ, ਜੋ ਹੁਣ ਵਧ ਕੇ 86 ਫੀਸਦੀ ਹੋ ਗਈ ਹੈ। ਧਰਮਕੋਟ ਵਿਧਾਨ ਸਭਾ ਹਲਕੇ ਵਿੱਚ ਸੂਆਂ, ਰਜਬਾਹਿਆਂ ਦੀ ਕਾਂਕਰੀਟ ਲਾਈਨਿੰਗ, ਵਾਟਰ ਕੋਰਸਾਂ ਅਤੇ ਪਾਈਪਲਾਈਨਾਂ ਨਾਲ ਸਬੰਧਤ 79.56 ਕਰੋੜ ਰੁਪਏ ਦੀਆਂ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਗਈਆਂ। ਇਸ ਤਹਿਤ ਕੁੱਲ 175.24 ਕਿਲੋਮੀਟਰ ਲੰਬਾਈ ਵਿੱਚ ਲਾਈਨਿੰਗ, ਪਾਈਪਲਾਈਨ ਅਤੇ ਵਾਟਰ ਕੋਰਸਾਂ ਦਾ ਕੰਮ ਕੀਤਾ ਜਾਵੇਗਾ। ਇਸ ਨਾਲ ਧਰਮਕੋਟ ਦੇ 79 ਪਿੰਡਾਂ ਨੂੰ ਸਿੱਧਾ ਫਾਇਦਾ ਹੋਵੇਗਾ ਅਤੇ ਸਿੰਚਾਈ ਹੇਠ ਆਉਣ ਵਾਲਾ ਰਕਬਾ 24,270 ਏਕੜ ਤੋਂ ਵਧ ਕੇ 41,894 ਏਕੜ ਹੋ ਜਾਵੇਗਾ। ਮੰਤਰੀ ਨੇ ਦੱਸਿਆ ਕਿ 52.51 ਕਰੋੜ ਰੁਪਏ ਦੀ ਲਾਗਤ ਨਾਲ ਕੋਕਰੀ ਡਿਸਟ੍ਰੀਬਿਊਟਰੀ ਸਿਸਟਮ ਦੀ ਕਾਂਕਰੀਟ ਲਾਈਨਿੰਗ ਕੀਤੀ ਜਾ ਰਹੀ ਹੈ। ਇਸ ਦੀ ਲੰਬਾਈ 66.32 ਕਿਲੋਮੀਟਰ ਹੈ, ਜਿਸ ਨਾਲ 10,008 ਏਕੜ ਵਾਧੂ ਰਕਬਾ ਸਿੰਚਾਈ ਹੇਠ ਆਵੇਗਾ ਅਤੇ ਕੁੱਲ ਸਿੰਚਾਈ ਰਕਬਾ 26,458 ਏਕੜ ਹੋ ਜਾਵੇਗਾ। ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਜ਼ਿਲ੍ਹੇ ਦੇ ਲਗਭਗ 94 ਪਿੰਡਾਂ ਨੂੰ ਸਿੱਧਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ। ਸਮਾਗਮ ਦੌਰਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਆਮ ਆਦਮੀ ਪਾਰਟੀ ਦੇ ਵਲੰਟੀਅਰ, ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।