ਗੜ੍ਹਸ਼ੰਕਰ, 5 ਜੂਨ(ਜਸ਼ਨ )ਖੁਰਾਲਗੜ੍ਹ ਦੇ ਜੰਗਲਾਂ ਵਿੱਚੋਂ 14 ਸਾਲਾ ਨਾਬਾਲਿਗ ਲੜਕੀ ਦੀ ਸੜੀ ਹੋਈ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ, ਜਿਸ ਦੀ ਨਿਸ਼ਾਨਦੇਹੀ ’ਤੇ ਲਾਸ਼ ਦੇ ਅਵਸ਼ੇਸ਼ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਸਿਟੀ ਥਾਣਾ ਨਵਾਂਸ਼ਹਿਰ ਦੀ ਪੁਲਿਸ ਐੱਸ.ਐੱਚ.ਓ. ਅਵਤਾਰ ਸਿੰਘ ਦੀ ਅਗਵਾਈ ਹੇਠ ਦੇਰ ਸ਼ਾਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜਾਡਲਾ ਨੇੜੇ ਰਹਿੰਦੇ 23 ਸਾਲਾ ਨੌਜਵਾਨ ਨੂੰ ਨਾਲ ਲੈ ਕੇ ਖੁਰਾਲਗੜ੍ਹ ਦੇ ਜੰਗਲਾਂ ਵਿੱਚ ਪਹੁੰਚੀ। ਨੌਜਵਾਨ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਨਾਬਾਲਿਗ ਲੜਕੀ ਦੀ ਸੜੀ ਹੋਈ ਲਾਸ਼ ਦੇ ਅਵਸ਼ੇਸ਼ ਬਰਾਮਦ ਕਰ ਲਏ।
ਐੱਸ.ਐੱਚ.ਓ. ਅਵਤਾਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਤਾ ਊਸ਼ਾ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਸ ਦੀ ਧੀ ਨੂੰ ਕੋਈ ਨੌਜਵਾਨ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਇੱਕ ਸ਼ੱਕੀ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ।
ਪੁੱਛਗਿੱਛ ਦੌਰਾਨ ਉਸ ਨੇ ਕਥਿਤ ਤੌਰ ’ਤੇ ਮੰਨਿਆ ਕਿ ਉਸ ਨੇ ਲੜਕੀ ਦਾ ਕਤਲ ਕਰ ਦਿੱਤਾ ਸੀ ਅਤੇ ਲਾਸ਼ ਨੂੰ ਇੱਕ ਅਟੈਚੀ ਵਿੱਚ ਪਾ ਕੇ 29 ਮਈ ਨੂੰ ਖੁਰਾਲਗੜ੍ਹ ਦੇ ਜੰਗਲਾਂ ਵਿੱਚ ਲੈ ਜਾ ਕੇ ਅੱਗ ਲਗਾ ਦਿੱਤੀ ਸੀ।
ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਜੰਗਲ ਵਿੱਚੋਂ ਲਾਸ਼ ਦੇ ਅਵਸ਼ੇਸ਼ ਬਰਾਮਦ ਕਰ ਲਏ ਹਨ। ਪੁਲਿਸ ਅਨੁਸਾਰ ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ ਅਤੇ ਮੌਕੇ ਤੋਂ ਕੇਵਲ ਪਿੰਜਰ ਦੇ ਕੁਝ ਹਿੱਸੇ ਹੀ ਮਿਲੇ ਹਨ।
ਪੁਲਿਸ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਤਲ ਦੇ ਪੂਰੇ ਮਾਮਲੇ ਦਾ ਖੁਲਾਸਾ ਕਰ ਦਿੱਤਾ ਜਾਵੇਗਾ। ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਮੁਲਜ਼ਮ ਮਿਰਤਕ ਲੜਕੀ ਦਾ ਪ੍ਰੇਮੀ ਦੱਸਿਆ ਜਾ ਰਿਹਾ ।ਪੁਲਿਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ।




