ਮਾਨਸਾ, 23 ਮਈ( ਜਸ਼ਨ )
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜੈਪੁਰ ਤੋਂ ਆਪਣੇ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਕਰਵਾਕੇ ਵਾਪਸ ਘਰ ਪਰਤ ਆਏ ਹਨ। ਉਨ੍ਹਾਂ ਦੀ ਛਾਤੀ ਵਿੱਚ ਦਰਦ ਅਤੇ ਘਬਰਾਹਟ ਮਹਿਸੂਸ ਰਹੀ ਸੀ, ਜਿਸ ਕਰਕੇ ਉਨ੍ਹਾਂ ਨੂੰ ਜੈਪੁਰ ਦੇ ਰਾਜਸਥਾਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਮਿਉਂਸਿਪਲ ਚੋਣਾਂ ਲਈ ਕੁੱਝ ਉਮੀਦਵਾਰਾਂ ਦੇ ਦਫ਼ਤਰਾਂ ਦਾ ਉਦਘਾਟਨ ਕਰਨ ਤੋਂ ਬਾਅਦ ਉਹ ਆਪਣੇ ਇਲਾਜ ਲਈ ਰਾਜਸਥਾਨ ਚਲੇ ਗਏ ਸਨ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੇ ਦੌਰੇ ਨੂੰ ਗੁਪਤ ਰੱਖਿਆ ਗਿਆ ਸੀ। ਡਾਕਟਰੀ ਰਿਪੋਰਟ ਮੁਤਾਬਕ ਦਿਲ ਦੀ ਇੱਕ ਨਾੜੀ ਦੇ ਬੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਤੁਰੰਤ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਗਿਆ। ਪਰਿਵਾਰਕ ਵੇਰਵਿਆਂ ਅਨੁਸਾਰ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ।
ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ "ਅੰਤਰਰਾਸ਼ਟਰੀ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨੂੰ ਦੱਸਿਆ ਕਿ ਉਨ੍ਹਾਂ ਦੇ ਭਰਾ ਬਲਕੌਰ ਸਿੰਘ ਸਿੱਧੂ ਦੇ ਕਈ ਦਿਨਾਂ ਤੋਂ ਛਾਤੀ ਵਿੱਚ ਦਰਦ ਹੋ ਰਿਹਾ ਸੀ, ਜਿਸ ਕਰਕੇ ਪਹਿਲਾਂ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਖੇ ਮੁਆਇਨਾ ਕਰਵਾਇਆ ਗਿਆ, ਪ੍ਰੰਤੂ ਬਾਅਦ ਵਿੱਚ ਜੈਪੁਰ ਦੇ ਰਾਜਸਥਾਨ ਹਸਪਤਾਲ ਤੋਂ ਇਲਾਜ ਕਰਵਾਉਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਪਿੰਡ ਮੂਸਾ ਘਰ ਵਿਖੇ ਪੁੱਜ ਗਏ ਹਨ ਅਤੇ ਉਨ੍ਹਾਂ ਤਬੀਅਤ ਬਿਲਕੁਲ ਠੀਕ ਹੈ।
ਇਸ ਇਲਾਜ ਦੌਰਾਨ ਬਲਕੌਰ ਸਿੰਘ ਸਿੱਧੂ ਦੀ ਪਤਨੀ ਚਰਨ ਕੌਰ ਮੂਸਾ ਅਤੇ ਉਨ੍ਹਾਂ ਛੋਟੇ ਸਪੁੱਤਰ ਸ਼ੁਭਦੀਪ ਸਿੰਘ ਸਿੱਧੂ ਸਮੇਤ ਪਰਿਵਾਰ ਨਾਲ ਜੁੜੇ ਮੈਂਬਰ ਅਤੇ ਹੋਰ ਰਿਸ਼ਤੇਦਾਰ ਮੌਜੂਦ ਸਨ। ਸ੍ਰੀ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਡਾਕਟਰਾਂ ਨੇ ਉਨ੍ਹਾਂ ਕੁੱਝ ਦਿਨ ਅਰਾਮ ਕਰਨ ਦੀ ਸਲਾਹ ਦਿੱਤੀ ਹੈ।
ਡੱਬੀ: ਮੂਸੇਵਾਲਾ ਦੀ ਚੌਥੀ ਬਰਸੀ 28 ਮਈ ਨੂੰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਸ਼ੋਸਲ ਮੀਡੀਆ ’ਤੇ ਇੱਕ ਪੋਸਟ ਸ਼ੇਅਰ ਕਰਦਿਆਂ ਜਾਣਕਾਰੀ ਦਿੱਤੀ ਕਿ ਮੂਸੇਵਾਲਾ ਦੀ ਚੌਥੀ ਬਰਸੀ ਮਾਨਸਾ ’ਚ ਨਗਰ ਕੌਸਲ ਚੋਣਾਂ ਦੇ ਨਤੀਜਿਆਂ ਨੂੰ ਲੈਕੇ 29 ਮਈ ਦੀ ਬਜਾਏ 28 ਮਈ ਨੂੰ ਮਨਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦੇ ਭੋਗ ਪਿੰਡ ਮੂਸਾ ਵਿਖੇ ਹੀ ਪਾਏ ਜਾਣਗੇ।