ਜੀਰਾ 8 ਸਤੰਬਰ (ਤੀਰਥ ਸਨੇਰ):
ਹਲਕਾ ਜੀਰਾ ਦੇ ਅਧੀਨ ਪੈਂਦੇ ਪਿੰਡ ਮੱਲੇਸ਼ਾਹ ਵਿੱਚ ਦੋ ਧਿਰਾਂ ਵਿਚਾਲੇ ਆਪਸੀ ਰੰਜਿਸ਼ ਨੂੰ ਲੈ ਕੇ ਹਿੰਸਕ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੌਰਾਨ ਗੋਲੀਆਂ ਚੱਲਣ ਅਤੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕਾਰਨ ਚਾਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪੀੜਤ ਧਿਰ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਸਾਰਾ ਝਗੜਾ ਬੀਤੇ ਦਿਨ ਉਸ ਸਮੇਂ ਸ਼ੁਰੂ ਹੋਇਆ ਜਦੋਂ ਉਹ ਇੱਕ ਧਾਰਮਿਕ ਅਸਥਾਨ ਤੋਂ ਦਰਸ਼ਨ ਕਰਕੇ ਆਪਣੇ ਪਿੰਡ ਵੱਲ ਵਾਪਸ ਆ ਰਹੇ ਸਨ। ਉਹਨਾਂ ਦੀ ਗੱਡੀ 'ਤੇ ਲੱਗੇ ਇੱਕ ਪੋਸਟਰ ਅਤੇ ਘਰ ਦੇ ਬਾਹਰ ਹਾਰਨ ਵਜਾਉਣ ਦੀ ਗੱਲ ਨੂੰ ਲੈ ਕੇ ਦੂਜੀ ਧਿਰ ਦੇ ਇੱਕ ਵਿਅਕਤੀ (ਲਖਬੀਰ ਸਿੰਘ) ਨੇ ਉਹਨਾਂ ਨਾਲ ਗਾਲੀ-ਗਲੋਚ ਅਤੇ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ। ਉਸ ਸਮੇਂ ਤਾਂ ਪਿੰਡ ਦੇ ਮੋਹਤਬਰਾਂ ਅਤੇ ਸਮਝਦਾਰ ਵਿਅਕਤੀਆਂ ਨੇ ਵਿਚਕਾਰ ਪੈ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਅਤੇ ਦੋਹਾਂ ਧਿਰਾਂ ਨੂੰ ਆਪਣੇ-ਆਪਣੇ ਘਰ ਭੇਜ ਦਿੱਤਾ।
ਪੀੜਤਾਂ ਅਨੁਸਾਰ ਅਗਲੀ ਸਵੇਰ ਰਾਜ਼ੀਨਾਮੇ ਦੀਆਂ ਗੱਲਾਂ ਚੱਲ ਰਹੀਆਂ ਸਨ ਕਿ ਇਸੇ ਦੌਰਾਨ ਆਂਗਣਵਾੜੀ ਕੇਂਦਰ ਸਾਹਮਣੇ ਦੂਜੀ ਧਿਰ ਦੇ ਵਿਅਕਤੀ ਨੇ ਇੱਕ ਨੌਜਵਾਨ 'ਤੇ ਕਹੀ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਬਾਂਹ ਟੁੱਟ ਗਈ। ਜਦੋਂ ਪਰਿਵਾਰਕ ਮੈਂਬਰ ਅਤੇ ਹੋਰ ਲੋਕ ਇਕੱਠੇ ਹੋ ਕੇ ਗੱਲ ਕਰਨ ਗਏ ਤਾਂ ਦੂਜੀ ਧਿਰ ਵੱਲੋਂ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਫਾਇਰਿੰਗ ਦੌਰਾਨ ਚਾਰ ਜਾਣਿਆਂ ਦੇ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ ਦੇ ਸਿਰ 'ਤੇ ਗੋਲੀ ਲੱਗਣ ਕਾਰਨ ਗੰਭੀਰ ਚੋਟ ਆਈ ਹੈ।
ਘਟਨਾ ਦੀ ਇਤਲਾਹ ਮਿਲਦਿਆਂ ਹੀ ਥਾਣਾ ਜੀਰਾ ਦੀ ਪੁਲਿਸ ਅਤੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਮੱਲੇਸ਼ਾਹ ਵਿੱਚ ਦੋ ਧਿਰਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਚਾਰ ਜ਼ਖ਼ਮੀ ਹਸਪਤਾਲ ਲਿਆਂਦੇ ਗਏ ਹਨ। ਡਾਕਟਰਾਂ ਦੀ ਰਿਪੋਰਟ ਮੁਤਾਬਕ ਚਾਰੇ ਜ਼ਖ਼ਮੀਆਂ ਦੇ ਗੋਲੀਆਂ ਲੱਗੀਆਂ ਹਨ (ਗਨਸ਼ਾਟ ਇੰਜਰੀ) ਅਤੇ ਫਿਲਹਾਲ ਉਹਨਾਂ ਦਾ ਇਲਾਜ ਚੱਲ ਰਹਾ ਹੈ।
ਦੂਜੇ ਪਾਸੇ, ਪੁਲਿਸ ਨੇ ਦੱਸਿਆ ਕਿ ਦੂਜੀ ਧਿਰ ਦਾ ਵਿਅਕਤੀ ਲਖਬੀਰ ਸਿੰਘ ਵੀ ਜ਼ਖ਼ਮੀ ਹੋਇਆ ਹੈ, ਜੋ ਫਰੀਦਕੋਟ ਦੇ ਹਸਪਤਾਲ ਵਿੱਚ ਦਾਖਲ ਹੈ। ਪੁਲਿਸ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੀੜਤ ਧਿਰ ਨੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।
ਖ਼ਬਰਾਂ
ਜੀਰਾ ਦੇ ਪਿੰਡ ਮੱਲੇਸ਼ਾਹ ਵਿੱਚ ਦੋ ਧਿਰਾਂ ਵਿਚਾਲੇ ਖੂਨੀ ਝੜਪ, ਚੱਲੀਆਂ ਗੋਲੀਆਂ
* ਗੱਡੀ 'ਤੇ ਲੱਗੇ ਪੋਸਟਰ ਅਤੇ ਹਾਰਨ ਵਜਾਉਣ ਨੂੰ ਲੈ ਕੇ ਹੋਇਆ ਸੀ ਵਿਵਾਦ; ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
8 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:


