ਬਟਾਲਾ,22 ਜੁਲਾਈ (ਗੁਰਜੰਟ ਸਿੰਘ )ਅੰਨ੍ਹੇ ਇਸ਼ਕ ਦੀ ਮਿਸਾਲ ਬਟਾਲਾ ਵਿਖੇ ਵੇਖਣ ਨੂੰ ਮਿਲੀ ਜਦੋਂ ਬਟਾਲਾ ਦੀ ਬੈਂਕ ਕਲੋਨੀ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੇ ਹੀ ਪਤੀ ਦਾ ਆਪਣੇ ਆਸ਼ਿਕ ਨਾਲ ਮਿਲਕੇ ਮਹਿਜ 40 ਹਜਾਰ ਰੁਪਏ ਦੇ ਕੇ ਕਤਲ ਕਰਵਾ ਦਿੱਤਾ । ਉੱਥੇ ਹੀ ਅਖੀਰ ਇਸ ਅੰਨੇ ਕਤਲ ਕਾਂਡ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦੇ ਬਟਾਲਾ ਪੁਲਿਸ ਵਲੋ ਉਕਤ ਔਰਤ ਉਸਦੇ ਆਸ਼ਿਕ ਅਤੇ ਕਤਲ ਦੀ ਵਾਰਦਾਤ ਚ ਸ਼ਾਮਲ ਕੁੱਲ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ।
ਇਸ ਕਤਲ ਕਾਂਡ ਬਾਰੇ ਜਾਣਕਾਰੀ ਦੇਂਦੇ ਹੋਏ ਡੀਐਸਪੀ ਫਤਿਹਗੜ੍ਹ ਚੂੜੀਆਂ ਲਲਿਤ ਕੁਮਾਰ ਨੇ ਅੱਜ ਪੁਲਿਸ ਥਾਣਾ ਸਦਰ ਚ ਪ੍ਰੈਸ ਕਾਨਫਰੰਸ ਕਰ ਖੁਲਾਸਾ ਕੀਤਾ ਕਿ ਕਰੀਬ ਦੋ ਮਹੀਨੇ ਪਹਿਲਾਂ ਹਾਈਵੇ ਤੇ ਇੱਕ ਕਾਰ ਚੋ ਇਕ ਵਿਅਕਤੀ ਦੀ ਲਾਸ਼ ਮਿਲੀ ਸੀ । ਜਦੋਂ ਇਸ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਾਇਆ ਗਿਆ ਉਸ ਮਗਰੋਂ ਰਿਪੋਰਟ ਆਈ ਤੇ ਪੁਲਿਸ ਨੂੰ ਸ਼ੱਕ ਹੋਇਆ ਕਿ ਇਹ ਐਕਸੀਡੈਂਟ ਨਹੀਂ ਸਗੋਂ ਕਤਲ ਹੈ ਜਦੋਂ ਪੁਲਿਸ ਨੇ ਬਰੀਕੀ ਨਾਲ ਜਾਂਚ ਕੀਤੀ ਤਾਂ ਜਿਵੇਂ ਹੀ ਤਕਨੀਕੀ ਜਾਂਚ ਚ ਕਈ ਪਹਿਲੂ ਸਾਮਣੇ ਆਏ ਤਾਂ ਪੁੱਛਗਿੱਛ ਕਰਨ ਤੇ ਇਹ ਖੁਲਾਸਾ ਹੋਇਆ ਕਿ ਉਸ ਵਿਅਕਤੀ ਦਾ ਕਾਤਲ ਕੋਈ ਹੋਰ ਨਹੀਂ ਬਲਕਿ ਉਸਦੀ ਪਤਨੀ ਹੀ ਹੈ । ਉੱਥੇ ਹੀ ਡੀਐਸਪੀ ਲਲਿਤ ਕੁਮਾਰ ਨੇ ਕਿਹਾ ਕਿ ਐਸ ਐਚ ਓ ਸਦਰ ਬਿਕਰਮਜੀਤ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਜਦੋਂ ਮੁਕੰਮਲ ਜਾਂਚ ਕੀਤੀ ਗਈ ਇਸਦੀ ਫੋਨ ਡਿਟੇਲ ਕਢਾਈਆਂ ਗਈਆਂ ਤਾਂ ਇਸਦੇ ਸੰਬੰਧ ਚ ਇਹ ਸੱਚਾਈ ਨਿਕਲੀ ਕਿ ਉਕਤ ਮਹਿਲਾ ਦਾ ਕਿਸੇ ਹੋਰ ਵਿਕਅਤੀ ਨਾਲ ਨਾਜਾਇਜ਼ ਸਬੰਧ ਸਨ ਅਤੇ ਮਹਿਲਾ ਨੇ ਆਪਣੇ ਆਸ਼ਿਕ ਅਤੇ ਅੱਗੇ ਹੋਰ ਤਿੰਨ ਨੌਜਵਾਨਾਂ ਨਾਲ ਮਿਲਕੇ ਉਹਨਾਂ ਨੂੰ ਪੈਸੇ ਦੇਕੇ ਆਪਣੇ ਹੀ ਪਤੀ ਦਾ ਕਤਲ ਕੀਤਾ ਸੀ । ਪੁਲਿਸ ਵਲੋ ਹੁਣ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹ ਕਾਰ ਵੀ ਰਿਕਵਰ ਕਰ ਲਈ ਅਤੇ ਹਥਿਆਰ ਵੀ ਰਿਕਵਰ ਕਰ ਲਏ ਗਏ ਹਨ ਜੋ ਵਾਰਦਾਤ ਚ ਵਰਤੇ ਗਏ ਸਨ ।





