ਮੋਗਾ, 17 ਮਈ ( ਜਸ਼ਨ )
ਪੰਜਾਬ ਦੇ ਸਿਆਸੀ ਖੇਤਰ ਵਿਚ ਅਹਿਮ ਸਥਾਨ ਬਣਾਉਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮੋਹਨ ਲਾਲ ਸੇਠੀ ਨੇ ਕਿਹਾ ਹੈ ਕਿ ਬੰਗਾਲ ਵਿੱਚ ਭਾਜਪਾ ਦੀ ਹੋਈ ਇਤਿਹਾਸਿਕ ਜਿੱਤ ਨਾਲ ਪਾਰਟੀ ਵਿੱਚ ਨਵੀਂ ਰੂਹ ਅਤੇ ਨਵਾਂ ਜੋਸ਼ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਬੰਗਾਲ ਵਿੱਚ ਕਈ ਮਾਮਲਿਆਂ ਵਿੱਚ ਆਪਸੀ ਸਾਂਝ ਅਤੇ ਮੇਲਜੋਲ ਹੈ। ਦੋਨੋਂ ਹੀ ਸੂਬੇ ਦੇਸ਼ ਭਗਤੀ ਅਤੇ ਰਾਸ਼ਟਰੀ ਭਾਵਨਾ ਨਾਲ ਓਤ ਪ੍ਰੋਤ ਰਹੇ ਨੇ ਤੇ ਹੁਣ ਦੇਸ਼ ਦੀ ਸਿਆਸਤ ਵਿਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਨੇ।
ਮੋਹਨ ਲਾਲ ਸੇਠੀ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਜੇਕਰ ਬੰਗਾਲ ਦੀ ਜਨਤਾ ਨੇ ਭਾਜਪਾ ਦੇ ਹੱਕ ਵਿੱਚ ਫ਼ਤਵਾ ਦਿੱਤਾ ਹੈ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਾਸੀ ਵੀ ਭਾਜਪਾ ਦੀ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਵੀ ਪੂਰੇ ਜ਼ੋਰ-ਸ਼ੋਰ ਨਾਲ ਹਿੱਸਾ ਲੈ ਰਹੀ ਹੈ ਅਤੇ ਪਾਰਟੀ ਨੂੰ ਚੰਗੇ ਨਤੀਜਿਆਂ ਦੀ ਉਮੀਦ ਹੈ।