ਮੋਗਾ,14 ਅਗਸਤ ( ਜਸ਼ਨ ) ਆਜ਼ਾਦੀ ਦਿਵਸ ਦੇ ਮੌਕੇ 'ਤੇ ਦੇਸ਼ ਭਗਤੀ ਅਤੇ ਰਾਸ਼ਟਰ ਪ੍ਰੇਮ ਦੀ ਭਾਵਨਾ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ 14 ਅਗਸਤ ਨੂੰ ਮੋਗਾ ਵਿੱਚ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਜਾਵੇਗੀ। ਇਸ ਯਾਤਰਾ ਦਾ ਮੁੱਖ ਉਦੇਸ਼ ਨੌਜਵਾਨਾਂ ਸਮੇਤ ਸਮੂਹ ਨਾਗਰਿਕਾਂ ਵਿੱਚ ਰਾਸ਼ਟਰ ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ, ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦੇਣਾ ਅਤੇ ਆਜ਼ਾਦੀ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਹੈ।
ਭਾਜਪਾ ਦੀ ਇਹ ਤਿਰੰਗਾ ਯਾਤਰਾ ਅੱਜ ਸ਼ਾਮ 3 ਵਜੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੀ ਅਗਵਾਈ ਹੇਠ ਕੱਢੀ ਜਾਵੇਗੀ। ਯਾਤਰਾ ਦੀ ਸ਼ੁਰੂਆਤ ਦੁੱਨੇਕੇ ਸਥਿਤ ਭਾਜਪਾ ਜ਼ਿਲ੍ਹਾ ਦਫ਼ਤਰ ਤੋਂ ਹੋਵੇਗੀ। ਇਸ ਤੋਂ ਬਾਅਦ ਯਾਤਰਾ ਜੋਗਿੰਦਰ ਸਿੰਘ ਚੌਂਕ, ਕੋਰਟ ਰੋਡ, ਮੇਨ ਬਾਜ਼ਾਰ, ਦੇਵ ਹੋਟਲ, ਆਰੀਆ ਸਕੂਲ ਰੋਡ, 9 ਨਿਊ ਟਾਊਨ, ਪ੍ਰਤਾਪ ਰੋਡ ਅਤੇ ਚੈਂਬਰ ਰੋਡ ਤੋਂ ਹੁੰਦੀ ਹੋਈ ਭਾਰਤ ਮਾਤਾ ਮੰਦਰ ਪਹੁੰਚੇਗੀ, ਜਿੱਥੇ ਇਸ ਦਾ ਸਮਾਪਨ ਕੀਤਾ ਜਾਵੇਗਾ। ਯਾਤਰਾ ਨੂੰ ਵਿਸ਼ਾਲ ਅਤੇ ਸਫ਼ਲ ਬਣਾਉਣ ਲਈ ਪਾਰਟੀ ਵੱਲੋਂ ਵਰਕਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਭਾਜਪਾ ਵਰਕਰਾਂ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਭਾਜਪਾ ਆਗੂਆਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਿਰੰਗਾ ਸਿਰਫ਼ ਦੇਸ਼ ਦਾ ਰਾਸ਼ਟਰੀ ਝੰਡਾ ਹੀ ਨਹੀਂ, ਸਗੋਂ ਭਾਰਤ ਦੀ ਏਕਤਾ, ਅਖੰਡਤਾ, ਆਜ਼ਾਦੀ ਅਤੇ ਮਾਣ ਦਾ ਪ੍ਰਤੀਕ ਹੈ।
ਤਿਰੰਗਾ ਯਾਤਰਾ ਰਾਹੀਂ ਲੋਕਾਂ ਨੂੰ ਰਾਸ਼ਟਰ ਹਿੱਤ ਵਿੱਚ ਇਕਜੁੱਟ ਹੋਣ, ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਰਹਿਣ ਅਤੇ ਦੇਸ਼ ਦੇ ਵਿਕਾਸ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੰਦੇਸ਼ ਵੀ ਦਿੱਤਾ ਜਾਵੇਗਾ। ਭਾਜਪਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਤਿਰੰਗਾ ਯਾਤਰਾ ਵਿੱਚ ਸ਼ਾਮਲ ਹੋ ਕੇ ਰਾਸ਼ਟਰ ਪ੍ਰੇਮ ਦੀ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਆਜ਼ਾਦੀ ਦਿਵਸ ਦੇ ਇਸ ਪਾਵਨ ਤਿਉਹਾਰ ਨੂੰ ਪੂਰੇ ਉਤਸ਼ਾਹ ਅਤੇ ਮਾਣ ਨਾਲ ਮਨਾਉਣ।