ਮੋਗਾ 8 ਅਕਤੂਬਰ (ਜਸ਼ਨ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵਜੋਂ ਲਗਾਤਾਰ 25 ਸਾਲਾਂ ਦੇ ਜਨਤਕ ਸੇਵਾਕਾਲ ਨੂੰ ਸਮਰਪਿਤ ਭਾਜਪਾ ਦੇ ‘ਸੇਵਾ ਸੰਕਲਪ ਅਭਿਆਨ’ ਤਹਿਤ ਮੋਗਾ ਵਿੱਚ ਭਾਜਪਾ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਦੀ ਅਗਵਾਈ ਹੇਠ ਭਾਜਪਾ ਸਾਥੀਆਂ ਨੇ ਸ਼ਹਿਰ ਵਿੱਚ ਵਿਸ਼ਾਲ ਬਾਈਕ ਰੈਲੀ ਕੱਢੀ ਅਤੇ ਸਮਾਜ ਸੇਵਾ ਤੇ ਲੋਕ ਭਲਾਈ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਦਾ ਸੰਕਲਪ ਲਿਆ।
ਰੈਲੀ ਦੀ ਸ਼ੁਰੂਆਤ ਭਾਜਪਾ ਦੇ ਦੁੰਨੇਕੇ ਸਥਿਤ ਜ਼ਿਲ੍ਹਾ ਦਫ਼ਤਰ ਤੋਂ ਹੋਈ। ਵੱਡੀ ਗਿਣਤੀ ਵਿੱਚ ਭਾਜਪਾ ਸਾਥੀ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਪਾਰਟੀ ਦੇ ਝੰਡਿਆਂ ਨਾਲ ਸ਼ਹਿਰ ਦੀਆਂ ਸੜਕਾਂ ’ਤੇ ਨਿਕਲੇ। ਭਾਜਪਾ ਸਾਥੀਆਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਮੌਕੇ ਡਾ. ਹਰਜੋਤ ਕਮਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਦਾ 25 ਸਾਲਾਂ ਦਾ ਜਨਤਕ ਜੀਵਨ ਸੇਵਾ, ਸਮਰਪਣ ਅਤੇ ਰਾਸ਼ਟਰ ਨਿਰਮਾਣ ਦੀ ਯਾਤਰਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੇਵਾ ਸੰਕਲਪ ਤੋਂ ਪ੍ਰੇਰਣਾ ਲੈਂਦਿਆਂ ਭਾਜਪਾ ਸਾਥੀਆਂ ਨੂੰ ਵੀ ਸਮਾਜ ਦੇ ਆਖਰੀ ਵਿਅਕਤੀ ਤੱਕ ਪਹੁੰਚ ਕਰਕੇ ਉਸ ਦੇ ਹਿੱਤ ਵਿੱਚ ਕੰਮ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ।
“ਸਭਕਾ ਸਾਥ, ਸਭਕਾ ਪ੍ਰਯਾਸ ਅਤੇ ਸਭਕਾ ਵਿਕਾਸ” ਸਿਰਫ਼ ਨਾਅਰਾ ਨਹੀਂ, ਬਲਕਿ ਦੇਸ਼ ਨੂੰ ਅੱਗੇ ਲਿਜਾਣ ਦਾ ਸੰਕਲਪ ਹੈ। ਉਨ੍ਹਾਂ ਭਾਜਪਾ ਸਾਥੀਆਂ ਨੂੰ ਸੱਦਾ ਦਿੱਤਾ ਕਿ ਉਹ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਣ।
ਸ਼ਹਿਰ ਦੀਆਂ ਸੜਕਾਂ ’ਤੇ ਦਿਖਿਆ ਭਾਜਪਾ ਸਾਥੀਆਂ ਦਾ ਜੋਸ਼
ਭਾਜਪਾ ਦੀ ਬਾਈਕ ਰੈਲੀ ਦੁੰਨੇਕੇ ਸਥਿਤ ਜ਼ਿਲ੍ਹਾ ਦਫ਼ਤਰ ਤੋਂ ਸ਼ੁਰੂ ਹੋ ਕੇ ਜੋਗਿੰਦਰ ਸਿੰਘ ਚੌਕ, ਮੁੱਖ ਬਾਜ਼ਾਰ, ਦੇਵ ਹੋਟਲ, ਆਰੀਆ ਸਕੂਲ ਰੋਡ, ਨੌਂ ਨੰਬਰ ਨਿਊ ਟਾਊਨ, ਇੰਦਰਾ ਕਲੋਨੀ ਅਤੇ ਨੇਸਲੇ ਫਾਟਕ ਤੋਂ ਹੁੰਦੀ ਹੋਈ ਮੁੜ ਭਾਜਪਾ ਜ਼ਿਲ੍ਹਾ ਦਫ਼ਤਰ ਪਹੁੰਚੀ, ਜਿੱਥੇ ਰੈਲੀ ਦੀ ਸਮਾਪਤੀ ਹੋਈ।
ਰੈਲੀ ਦੌਰਾਨ ਭਾਜਪਾ ਸਾਥੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਹੋ ਰਹੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਯੋਜਨਾਵਾਂ ਸਬੰਧੀ ਲੋਕਾਂ ਤੱਕ ਸੰਦੇਸ਼ ਪਹੁੰਚਾਇਆ।
ਭਾਜਪਾ ਆਗੂਆਂ ਨੇ ਦੱਸਿਆ ਕਿ ‘ਸੇਵਾ ਸੰਕਲਪ ਅਭਿਆਨ’ 17 ਅਕਤੂਬਰ ਤੱਕ ਜਾਰੀ ਰਹੇਗਾ। ਇਸ ਤਹਿਤ ਭਾਜਪਾ ਸਾਥੀ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਜਾ ਕੇ ਸੇਵਾ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ ਅਤੇ ਲੋਕਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦੇਣਗੇ।
ਅੰਤ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਕਿਹਾ ਕਿ ਪਾਰਟੀ ਦਾ ਟੀਚਾ ਸਿਰਫ਼ ਰਾਜਨੀਤਿਕ ਗਤੀਵਿਧੀਆਂ ਤੱਕ ਸੀਮਿਤ ਰਹਿਣਾ ਨਹੀਂ, ਸਗੋਂ ਸੇਵਾ ਦੇ ਮਾਧਿਅਮ ਰਾਹੀਂ ਸਮਾਜ ਨਾਲ ਮਜ਼ਬੂਤ ਸਬੰਧ ਸਥਾਪਿਤ ਕਰਨਾ ਹੈ। ਰੈਲੀ ਦੀ ਸਮਾਪਤੀ ਮੌਕੇ ਭਾਜਪਾ ਸਾਥੀਆਂ ਨੇ ਰਾਸ਼ਟਰ ਸੇਵਾ, ਸਮਾਜ ਸੇਵਾ ਅਤੇ ਲੋਕ ਭਲਾਈ ਪ੍ਰਤੀ ਆਪਣੇ ਸੰਕਲਪ ਨੂੰ ਦੁਹਰਾਇਆ।




