ਜਗਰਾਉਂ (ਲੁਧਿਆਣਾ), 29 ਜੂਨ — ਜਗਰਾਉਂ ਇਲਾਕੇ ਦੇ ਪਿੰਡ ਕੁਲਾਰ ਵਿੱਚ ਐਤਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਇੱਕ ਨਿੱਕੇ ਜਿਹੇ ਵਿਵਾਦ ਨੇ ਖੂਨੀ ਰੂਪ ਧਾਰਨ ਕਰ ਲਿਆ ਅਤੇ ਇੱਕ ਪ੍ਰਵਾਸੀ ਮਜ਼ਦੂਰ ਨੇ ਆਪਣੇ ਹੀ ਸਾਥੀ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮ੍ਰਿਤਕ ਦੀ ਪਹਿਚਾਣ ਵੈਜ਼ਨਾਥ ਯਾਦਵ (ਉਮਰ ਕਰੀਬ 50 ਸਾਲ) ਵਜੋਂ ਹੋਈ ਹੈ, ਜੋ ਬਿਹਾਰ ਦੇ ਪਿੰਡ ਲੱਛਮੀਪੁਰ ਬਿਲਾਹੀ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਵੈਜ਼ਨਾਥ ਪਿਛਲੇ ਕਰੀਬ 22 ਸਾਲਾਂ ਤੋਂ ਪਿੰਡ ਕੁਲਾਰ ਵਿਖੇ ਪਰਦੀਪ ਸਿੰਘ ਪੁੱਤਰ ਮੁਹਿੰਦਰ ਸਿੰਘ ਦੀ ਮੋਟਰ ’ਤੇ ਰਹਿ ਕੇ ਮਜ਼ਦੂਰੀ ਕਰਦਾ ਸੀ ਅਤੇ ਇਥੇ ਹੀ ਆਪਣਾ ਗੁਜ਼ਾਰਾ ਕਰ ਰਿਹਾ ਸੀ।ਪ੍ਰਪਾਤ ਜਾਣਕਾਰੀ ਅਨੁਸਾਰ ਦੋਸ਼ੀ ਦੀ ਪਹਿਚਾਣ ਚਕਲੇਸ਼ ਯਾਦਵ ਵਜੋਂ ਹੋਈ ਹੈ, ਜੋ ਮ੍ਰਿਤਕ ਦਾ ਜਾਣਕਾਰ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਚਕਲੇਸ਼ ਯਾਦਵ ਨੇ ਵੈਜ਼ਨਾਥ ਯਾਦਵ ਦਾ ਸਾਈਕਲ ਵੇਚ ਦਿੱਤਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਕਾਫੀ ਸਮੇਂ ਤੋਂ ਤਕਰਾਰ ਅਤੇ ਮਨਮੁਟਾਅ ਚੱਲ ਰਿਹਾ ਸੀ। ਛੋਟੇ ਪੱਧਰ ’ਤੇ ਸ਼ੁਰੂ ਹੋਇਆ ਇਹ ਵਿਵਾਦ ਹੌਲੀ-ਹੌਲੀ ਗੰਭੀਰ ਰੰਜਿਸ਼ ਵਿੱਚ ਬਦਲ ਗਿਆ।
ਸੂਤਰਾਂ ਮੁਤਾਬਕ ਐਤਵਾਰ ਨੂੰ ਦੋਵਾਂ ਵਿਚਕਾਰ ਇਸੇ ਮਾਮਲੇ ਨੂੰ ਲੈ ਕੇ ਦੁਬਾਰਾ ਤਕਰਾਰ ਹੋ ਗਈ, ਜਿਸ ਦੌਰਾਨ ਗੁੱਸੇ ਵਿੱਚ ਆਏ ਚਕਲੇਸ਼ ਯਾਦਵ ਨੇ ਵੈਜ਼ਨਾਥ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾ ਇੰਨਾ ਜ਼ਬਰਦਸਤ ਅਤੇ ਘਾਤਕ ਸੀ ਕਿ ਵੈਜ਼ਨਾਥ ਯਾਦਵ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਇਸ ਖੂਨੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਹੜਕੰਪ ਮਚ ਗਿਆ। ਪਿੰਡ ਵਾਸੀਆਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਚੌਕੀਮਾਨ ਪੁਲਿਸ ਦੇ ਇੰਚਾਰਜ ਠਾਣੇਦਾਰ ਸੁਖਵਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਕਤਲ ਦੇ ਅਸਲ ਕਾਰਨਾਂ, ਘਟਨਾ ਦੀ ਪੂਰੀ ਪਿਛੋਕੜ ਅਤੇ ਹੋਰ ਸੰਭਾਵਿਤ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਂਚ ਅੱਗੇ ਵਧਾਈ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਘਟਨਾ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਛੋਟੇ-ਛੋਟੇ ਆਪਸੀ ਵਿਵਾਦ ਕਿਸ ਤਰ੍ਹਾਂ ਖਤਰਨਾਕ ਅਤੇ ਜਾਨਲੇਵਾ ਰੂਪ ਧਾਰ ਸਕਦੇ ਹਨ।