ਅੰਮ੍ਰਿਤਸਰ 12 ਅਗਸਤ 2026 ( ਜਸ਼ਨ ) ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੱਜ ਅੰਮ੍ਰਿਤਸਰ ਪ੍ਰੈਸ ਕਲੱਬ ਵਿਖੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੀ ਅਗਵਾਈ ਪਾਰਟੀ ਦੇ ਪਾਰਲੀਮਾਨੀ ਬੋਰਡ ਮੈਂਬਰਾਂ ਅਤੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਕੀਤੀ। ਇਸ ਮੌਕੇ ਪਾਰਲੀਮਾਨੀ ਬੋਰਡ ਦੇ ਕੋਆਰਡੀਨੇਟਰ ਸ੍ਰ. ਕਾਬਲ ਸਿੰਘ, ਸ੍ਰ. ਸੁਖਵਿੰਦਰ ਸਿੰਘ ਅਗਵਾਨ ( ਭਤੀਜੇ ਸ਼ਹੀਦ ਭਾਈ ਸਤਵੰਤ ਸਿੰਘ ਜੀ ), ਸ੍ਰ. ਬਾਬੂ ਸਿੰਘ ਬਰਾੜ ਅਤੇ ਸ੍ਰ. ਪ੍ਰਗਟ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪ੍ਰੈਸ ਕਾਨਫਰੰਸ ਦੌਰਾਨ 2027 ਦੀਆਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਵੱਲੋਂ ਗਠਿਤ ਪਾਰਲੀਮਾਨੀ ਬੋਰਡ ਨੇ ਪੰਥਕ ਪਹਿਲਕਦਮੀਆਂ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਮੁੱਖ ਰੱਖਦਿਆਂ ਪੰਜ ਹੋਰ ਹਲਕਾ ਇੰਚਾਰਜਾਂ ਦਾ ਐਲਾਨ ਕੀਤਾ। ਇਸ ਦੌਰਾਨ ਹਲਕਾ ਮੋਗਾ ਤੋਂ ਭਾਈ ਗੁਰਮੀਤ ਸਿੰਘ ਬੁੱਕਣਵਾਲਾ ਨੂੰ ਹਲਕਾ ਇੰਚਾਰਜ ਐਲਾਨਿਆ ਗਿਆ। ਆਗੂਆਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਦਲਜੀਤ ਸਿੰਘ ਕਲਸੀ ਅਤੇ ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵਜੋਂ ਲੰਮੇ ਸਮੇਂ ਤੋਂ ਪੰਥਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਸਰਗਰਮ ਰਹੇ ਹਨ ਅਤੇ ਦੋਵੇਂ ਪਹਿਲਾਂ NSA ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਰਹੇ ਹਨ ਅਤੇ ਇਸ ਸਮੇਂ ਵੀ ਜੇਲ੍ਹ ਵਿੱਚ ਨਜ਼ਰਬੰਦੀ ਦਾ ਸਾਹਮਣਾ ਕਰ ਰਹੇ ਹਨ।