ਅੰਮ੍ਰਿਤਸਰ, 8 ਨਵੰਬਰ (ਜਸ਼ਨ) ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਦਾਦੀ ਮਾਤਾ ਚਰਨ ਕੌਰ ਦਾ ਅੱਜ ਸ਼ਾਮ ਦੇਹਾਂਤ ਹੋ ਗਿਆ। ਉਹ 84 ਵਰ੍ਹਿਆਂ ਦੇ ਸਨ। ਅਕਾਲੀ ਦਲ "ਵਾਰਿਸ ਪੰਜਾਬ ਦੇ" ਦੇ ਮੀਡੀਆ ਇੰਚਾਰਜ ਸ . ਸ਼ਮਸ਼ੇਰ ਸਿੰਘ ਪੱਧਰੀ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਤਾ ਚਰਨ ਕੌਰ ਦਾ ਦੇਹਾਂਤ ਬਰੇਨ ਹੈਮਰੇਜ ਕਾਰਨ ਹੋਇਆ। ਮਾਤਾ ਜੀ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸਨ, ਪਰ ਇਸ ਦੇ ਬਾਵਜੂਦ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਅਦਾਲਤ ਦੇ ਹੁਕਮਾਂ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਫੋਨ ਤੇ ਮਾਤਾ ਚਰਨ ਕੌਰ ਨਾਲ ਗੱਲਬਾਤ ਹੋਈ ਸੀ। ਭਾਈ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਮਾਤਾ ਜੀ ਦੇ ਸਪੁੱਤਰ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਅਤੇ ਉਨਾਂ ਦੇ ਦੋਹਤੇ ਸੁਖਮਨਜੀਤ ਸਿੰਘ ਵੀ ਜੇਲ੍ਹ ਵਿੱਚ ਨਜ਼ਰਬੰਦ ਹਨ। ਪਰਿਵਾਰ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਮਾਤਾ ਚਰਨ ਕੌਰ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪੁੱਤਰ ਹਰਜੀਤ ਸਿੰਘ, ਉਨ੍ਹਾਂ ਦੇ ਪੋਤਰੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਅਤੇ ਉਨਾਂ ਦੇ ਦੋਹਤੇ ਸੁਖਮਨਜੀਤ ਸਿੰਘ ਦੀ ਹਾਜ਼ਰੀ ਵਿੱਚ ਹੀ ਕੀਤਾ ਜਾਵੇਗਾ। ਇਸ ਸਬੰਧੀ ਉਹਨਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿਵਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਵੱਲੋਂ ਕਾਨੂੰਨੀ ਚਾਰਾਜੋਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਮਾਤਾ ਚਰਨ ਕੌਰ ਜੀ ਭਾਈ ਅੰਮ੍ਰਿਤਪਾਲ ਸਿੰਘ ਦੀ ਲੰਬੇ ਸਮੇਂ ਤੋਂ ਚੱਲ ਰਹੀ ਨਜ਼ਰਬੰਦੀ ਕਾਰਨ ਕਾਫ਼ੀ ਫ਼ਿਕਰਮੰਦ ਰਹਿੰਦੇ ਸਨ। ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਆਪਣੇ ਜੀਵਨ ਦੇ ਆਖ਼ਰੀ ਸਾਹ ਲੈਣ ਤੋਂ ਪਹਿਲਾਂ ਉਹ ਆਪਣੇ ਪੋਤਰੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਮੁੱਖ ਦੇਖ ਸਕਣ, ਪਰ ਅਫ਼ਸੋਸ ਕਿ ਉਨ੍ਹਾਂ ਦੀ ਇਹ ਇੱਛਾ ਪੂਰੀ ਨਾ ਹੋ ਸਕੀ। ਮਾਤਾ ਚਰਨ ਕੌਰ ਜੀ ਦਾ ਵਿਛੋੜਾ ਪਰਿਵਾਰ ਅਤੇ ਸਨੇਹੀਆਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਵਾਰਿਸ ਪੰਜਾਬ ਦੇ ਸੀਨੀਅਰ ਆਗੂਆਂ ਮਨਪ੍ਰੀਤ ਸਿੰਘ ਅਯਾਲੀ , ਦਵਿੰਦਰ ਸਿੰਘ ਰਣੀਆ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਗਿੱਲ ਲੰਢੇਕੇ , ਜ਼ਿਲਾ ਪ੍ਰਧਾਨ ਮੋਗਾ ਕਰਮਜੀਤ ਸਿੰਘ ,ਜਗਜਿੰਦਰ ਸਿੰਘ, ਤਰਨਦੀਪ ਸਿੰਘ , ਅਮਨ ਵਿਰਕ , ਹਰਿੰਦਰ ਹੈਰੀ , ਸਾਹਿਬ ਸਿੰਘ ਹਲਕਾ ਧਰਮਕੋਟ, ਮਨਜੀਤ ਸਿੰਘ , ਗੁਰਵਿੰਦਰ ਰਣੀਆ ਆਦਿ ਨੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ ।