*****195 ਗਵਾਹਾਂ ਵਾਲੇ ਮਾਮਲੇ ਵਿੱਚ ਟਰਾਇਲ ਦੀ ਕਾਰਵਾਈ ਜਾਰੀ
******ਮਾਮਲੇ ਦੀ ਸੁਣਵਾਈ ਲੰਬੇ ਸਮੇਂ ਤੱਕ ਚੱਲ ਸਕਦੀ
ਐਫਆਈਆਰ ਨੰਬਰ 39 ਨਾਲ ਸੰਬੰਧਿਤ ਮਾਮਲੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਪੇਸ਼ੀ ਅਡੀਸ਼ਨਲ ਸੈਸ਼ਨ ਜੱਜ ਪਰਿੰਦਰ ਸਿੰਘ ਦੀ ਅਦਾਲਤ ਵਿੱਚ ਹੋਈ। ਇਸ ਮੌਕੇ ਮਾਮਲੇ ਨਾਲ ਜੁੜੇ ਅਧਿਕਾਰਿਕ ਗਵਾਹ ਮਨਪ੍ਰੀਤ ਸਿੰਘ ਦੀ ਅਦਾਲਤ ਵਿੱਚ ਗਵਾਹੀ ਦਰਜ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਰੀਤੂ ਰਾਜ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਦੀ ਸੁਣਵਾਈ ਦੌਰਾਨ ਸਰਕਾਰੀ ਪੱਖ ਵੱਲੋਂ ਮਨਪ੍ਰੀਤ ਸਿੰਘ ਨੂੰ ਪੇਸ਼ ਕੀਤਾ ਗਿਆ, ਜਿਸ ਨੇ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾਏ।

ਗਵਾਹ ਮਨਪ੍ਰੀਤ ਸਿੰਘ ਨੇ ਅਦਾਲਤ ਵਿੱਚ ਕਿਹਾ ਕਿ ਉਹ ਘਟਨਾ ਸਮੇਂ ਮੌਕੇ ’ਤੇ ਮੌਜੂਦ ਸੀ। ਉਸ ਨੇ ਦੱਸਿਆ ਕਿ ਅਮਨਦੀਪ ਵੱਲੋਂ ਉਸਦੇ ਦਫ਼ਤਰ ਉੱਤੇ ਹਮਲੇ ਸਬੰਧੀ ਦਾਅਵਾ ਕੀਤਾ ਗਿਆ ਸੀ ਅਤੇ ਉਸ ਸਬੰਧੀ ਹੀ ਉਸਦੀ ਗਵਾਹੀ ਅਦਾਲਤ ਵਿੱਚ ਦਰਜ ਹੋਈ। ਅੱਜ ਦੀ ਸੁਣਵਾਈ ਦੌਰਾਨ ਇਸ ਗਵਾਹ ਦੀ ਅਗਵਾਈ ਅਤੇ ਬਿਆਨਾਂ ਦੀ ਪ੍ਰਕਿਰਿਆ ਪੂਰੀ ਕੀਤੀ ਗਈ।

ਐਡਵੋਕੇਟ ਰੀਤੂ ਰਾਜ ਸਿੰਘ ਸੰਧੂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਕੁੱਲ 195 ਗਵਾਹ ਹਨ, ਜਿਨ੍ਹਾਂ ਨੂੰ ਸਟੇਟ ਗਵਰਨਮੈਂਟ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਅੱਜ ਕੇਵਲ ਇੱਕ ਗਵਾਹ ਮਨਪ੍ਰੀਤ ਸਿੰਘ ਦੀ ਗਵਾਹੀ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਟਰਾਇਲ ਦੀ ਪ੍ਰਕਿਰਿਆ ਅਧਿਕਾਰਿਕ ਤੌਰ ’ਤੇ ਸ਼ੁਰੂ ਹੋ ਚੁੱਕੀ ਹੈ ਅਤੇ ਹਰ ਪੇਸ਼ੀ ਦੌਰਾਨ ਸਰਕਾਰੀ ਪੱਖ ਆਪਣੇ ਗਵਾਹ ਪੇਸ਼ ਕਰੇਗਾ, ਜਦਕਿ ਬਚਾਅ ਪੱਖ ਵੱਲੋਂ ਉਨ੍ਹਾਂ ਦੀ ਕ੍ਰਾਸ ਐਗਜ਼ਾਮਿਨੇਸ਼ਨ ਕੀਤੀ ਜਾਵੇਗੀ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਮਲੇ ਵਿੱਚ ਲੱਗੀਆਂ ਕੁਝ ਧਾਰਾਵਾਂ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਸਚਾਰਜ ਵੀ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਸੈਕਸ਼ਨ 2021 ਅਤੇ ਆਰਮਜ਼ ਐਕਟ ਨਾਲ ਸੰਬੰਧਿਤ ਇੱਕ ਧਾਰਾ ਵਿੱਚੋਂ ਅਦਾਲਤ ਵੱਲੋਂ ਰਾਹਤ ਦਿੱਤੀ ਗਈ ਹੈ। ਹਾਲਾਂਕਿ ਬਾਕੀ ਧਾਰਾਵਾਂ ਹੇਠ ਟਰਾਇਲ ਦੀ ਕਾਰਵਾਈ ਜਾਰੀ ਰਹੇਗੀ।

ਅਦਾਲਤ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ 20 ਮਈ, ਦਿਨ ਬੁੱਧਵਾਰ ਲਈ ਨਿਰਧਾਰਿਤ ਕੀਤੀ ਗਈ ਹੈ। ਕਾਨੂੰਨੀ ਮਾਹਿਰਾਂ ਅਨੁਸਾਰ 195 ਗਵਾਹਾਂ ਵਾਲੇ ਇਸ ਮਾਮਲੇ ਦੀ ਸੁਣਵਾਈ ਲੰਬੇ ਸਮੇਂ ਤੱਕ ਚੱਲ ਸਕਦੀ ਹੈ ਅਤੇ ਹਰ ਪੇਸ਼ੀ ਦੌਰਾਨ ਨਵੇਂ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਰਹੇਗੀ।