ਅੰਮ੍ਰਿਤਸਰ, 24 ਜੂਨ( ਜਸ਼ਨ )
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਵਾਦਿਤ ਵੀਡੀਓ ਸਬੰਧੀ ਕਥਿਤ ਤੌਰ ’ਤੇ ਝੂਠੀ ਰਿਪੋਰਟ ਤਿਆਰ ਕਰਨ ਦੇ ਦੋਸ਼ਾਂ ਹੇਠ ਹਰਿਆਣਾ ਪੁਲਿਸ ਵੱਲੋਂ ਐਫਆਈਆਰ ਦਰਜ਼ ਹੋਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਨੂੰ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਨਾ ਸਿਰਫ਼ ਪ੍ਰਸ਼ਾਸਨਿਕ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਕੀਤੇ ਹਨ, ਸਗੋਂ ਲੋਕਤੰਤਰਿਕ ਸੰਸਥਾਵਾਂ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਲੈ ਕੇ ਵੀ ਚਿੰਤਾ ਪੈਦਾ ਕੀਤੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਕਿਸੇ ਵੀ ਸੰਵੇਦਨਸ਼ੀਲ ਮਾਮਲੇ ਵਿਚ ਤੱਥਾਂ ਤੋਂ ਉਲਟ ਜਾਂ ਗੁੰਮਰਾਹਕੁੰਨ ਰਿਪੋਰਟਾਂ ਤਿਆਰ ਕਰਨਾ ਕਾਨੂੰਨੀ ਅਤੇ ਨੈਤਿਕ ਦੋਵਾਂ ਪੱਖਾਂ ਤੋਂ ਗ਼ਲਤ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰਪੱਖਤਾ ਨਾਲ ਇਸ ਦੀ ਜਾਂਚ ਦੋ ਪ੍ਰਵਾਨਿਤ ਲੈਬਾਂ ਤੋਂ ਕਰਵਾਈ ਗਈ ਸੀ, ਪ੍ਰੰਤੂ ਭਗਵੰਤ ਮਾਨ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਛੇਵੇਂ ਪਾਤਸ਼ਾਹ ਵੱਲੋਂ ਸਥਾਪਿਤ ਤਖ਼ਤ ਹੈ, ਜਿਸ ਨਾਲ ਮੱਥਾ ਲਗਾਉਣ ਵਾਲੇ ਕਦੇ ਕਾਮਯਾਬ ਨਹੀਂ ਹੋਏ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਹੋਰ ਵੀ ਦੁੱਖਦਾਈ ਪਹਿਲੂ ਹੈ ਕਿ ਜਿਨ੍ਹਾਂ ਨੇ ਕਾਨੂੰਨ ਦੀ ਰੱਖਿਆ ਦੀ ਸੌਂਹ ਲਈ ਹੈ, ਉਹ ਹੀ ਧੋਖਾਧੜੀ ਕਰ ਰਹੇ ਹਨ। ਆਪਣੀਆਂ ਗ਼ਲਤੀਆਂ ਦੇ ਦੋਸ਼ ਦੂਜਿਆਂ ਸਿਰ ਮੜ੍ਹ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਨਤਕ ਅਹੁਦਿਆਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਰਾਜਨੀਤਿਕ ਪ੍ਰਭਾਵ ਤੋਂ ਮੁਕਤ ਹੋਣੀ ਚਾਹੀਦੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਤੋਂ ਉੱਪਰ ਨਹੀਂ ਸਮਝਿਆ ਜਾਣਾ ਚਾਹੀਦਾ। ਐਡਵੋਕੇਟ ਧਾਮੀ ਨੇ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਐਫਆਈਆਰ ਦਰਜ਼ ਹੋਣ ਨਾਲ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਸਾਹਮਣੇ ਆਇਆ ਹੈ। ਇਹ ਪਾਰਟੀ ਸਿੱਖ ਸੰਸਥਾਵਾਂ ਪ੍ਰਤੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠਾ ਪ੍ਰਚਾਰ ਕਰ ਰਹੀ ਸੀ।
ਖ਼ਬਰਾਂ
ਵਿਵਾਦਤ ਵੀਡੀਓ ਸਬੰਧੀ ਜਾਅਲੀ ਰਿਪੋਰਟ ਦਾ ਸੱਚ ਸਾਹਮਣੇ ਆਉਣ ਮਗਰੋਂ ਭਗਵੰਤ ਸਿੰਘ ਮਾਨ ਦੇਵੇ ਤੁਰੰਤ ਅਸਤੀਫ਼ਾ- ਐਡਵੋਕੇਟ ਹਰਜਿੰਦਰ ਸਿੰਘ ਧਾਮੀ
25 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



