ਮੇਰੇ ਸਾਹੀਂ ਵਸਦਿਆ ਯਾਰਾ।
ਕਿਹੜੀ ਗੱਲੋਂ ਕਰੇਂ ਕਿਨਾਰਾ।

ਮੰਨਿਆ ਤੇਰਾ ਨਖਰਾ ਭਾਰਾ,
ਸਾਡਾ ਵੀ ਹੈ ਇਸ਼ਕ ਕਰਾਰਾ।

ਰੂਹਾਂ ਦੇ ਰਿਸ਼ਤਿਆਂ ਦੇ ਸਾਹਵੇਂ,
ਚਲੇ ਨਾ‌ ਕੋਈ‌ ਆਰਾ ਚਾਰਾ।

ਕੀਕਣ ਦੱਸੀਏ ਖੋਲ੍ਹ ਕੇ ਦਿਲ ਨੂੰ ,
ਕਿਸਨੂੰ ਕੌਣ ਹੈ ਜਾਨੋਂ ਪਿਆਰਾ?

ਤੇਰੇ ਨੈਣਾਂ ਸਾਹਵੇਂ ਸੱਜਣਾਂ,
ਦਿਲ ਹੋ ਜਾਵੇ ਪਾਰਾ ਪਾਰਾ।

ਦੇਖੀਂ! ਨੇਰ੍ਹ ਸਦਾ ਨਾ ਰਹਿਣਾ
ਹੇਕਾਂ ਲਾਵੇ ਸਰਘੀ ਤਾਰਾ।

ਆਪਣਾ ਆਪ ਸੰਭਾਲ ਕੇ ਰੱਖਿਓ
ਗਿੱਲ ਫਿਰਦਾ ਹੈ ਅਜੇ ਕੁਆਰਾ ।

ਡਾ. ਹਰਬੰਸ‌‌ ਕੌਰ ਗਿੱਲ 9646449871