ਬਰਨਾਲ਼ਾ, 14 ਮਈ (ਜਸ਼ਨ )ਮੋਗਾ ਲਾਗਲਾ ਜ਼ਿਲ੍ਹਾ ਬਰਨਾਲਾ,ਜ਼ਿਲ੍ਹਾ ਸਿਖਿਆ ਅਫ਼ਸਰ ਸਰਦਾਰ ਸੁਨੀਤਇੰਦਰ ਸਿੰਘ ਦੀ ਅਗਵਾਈ ਅਤੇ ਅਧਿਆਪਕਾਂ ਦੀ ਸਖਤ ਮੇਹਨਤ ਸਦਕਾ, ਸਿਖਿਆ ਖੇਤਰ ਵਿਚ ਅੱਜ 23ਵੇਂ ਸਥਾਨ ਤੋਂ 15ਵੇਂ ਸਥਾਨ ਤੇ ਅੱਪੜਨ ਵਿਚ ਕਾਮਯਾਬ ਹੋ ਗਿਆ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸਿਖਿਆ ਅਫ਼ਸਰ ਸਰਦਾਰ ਸੁਨੀਤਇਇੰਦਰ ਸਿੰਘ ਨੇ ਦੱਸਿਆ ਕਿ ਪਿੰਡ ਮੌੜਾਂ ਦੀ ਨਿਸ਼ਾ ਰਾਣੀ ਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਦੌਰਾਨ 99.20 ਫ਼ੀਸਦੀ ਅੰਕ ਹਾਸਿਲ ਕਰਕੇ ਪੰਜਾਬ ਭਰ ਵਿਚੋਂ ਪੰਜਵਾਂ ਸਥਾਨ ਹਾਸਿਲ ਕੀਤਾ ਹੈ। ਉਹਨਾਂ ਦੱਸਿਆ ਕਿ ਤਨਵੀਰ ਕੌਰ ਅਤੇ ਦਿਵਿਆਜੋਤ ਸਿੰਘ ਸਮੇਤ ਕੁਲ ਨੌਂ ਵਿਦਿਆਰਥੀ ਮੈਰਿਟ ਵਿਚ ਆਏ ਨੇ ਜਿਨਾਂ ਵਿਚੋਂ ਸੱਤ ਲੜਕੀਆਂ ਨੇ ਤੇ ਇਹ ਸਾਰੇ ਪੇਂਡੂ ਅਤੇ ਸਰਕਾਰੀ ਸਕੂਲਾਂ ਦੇ ਨੇ । ਉਹਨਾਂ ਦੱਸਿਆ ਕਿ ਬਰਨਾਲਾ ਜ਼ਿਲੇ ਵਿਚ ਇਕ ਵੀ ਵਿਦਿਆਰਥੀ ਪ੍ਰਾਈਵੇਟ ਸਕੂਲ ਦਾ ਨਹੀਂ ਜੋ ਮੈਰਿਟ ਵਿਚ ਆਇਆ ਹੋਵੇ, ਜੋ ਦਰਸਾਉਂਦਾ ਹੈ ਕਿ ਸਰਕਾਰੀ ਸਕੂਲ ਕਿਸੇ ਪੱਖੋਂ ਵੀ ਨਿੱਜੀ ਸਕੂਲਾਂ ਤੋਂ ਪਿਛੇ ਨਹੀਂ।
ਇਹਨਾਂ ਕਾਬਿਲ ਵਿਦਿਆਰਥੀਆਂ ਨੂੰ ਜਿਲ੍ਹਾ ਸਿਖਿਆ ਦਫਤਰ ਵਿਖੇ ਸਨਮਾਨਿਤ ਕਰਨ ਮੌਕੇ ਹਰੇਕ ਵਿਦਿਆਰਥੀ ਨੂੰ ਨਗਦ ਪੰਜ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਸਿਖਿਆ ਵਿਭਾਗ ਵਲੋਂ ਦਿੱਤੀ ਗਈ।

ਇਸ ਉਪਰੰਤ ਮਾਣ ਤਾਣ ਕਾਰਨ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਹਰਪ੍ਰੀਤ ਸਿੰਘ ਵਲੋਂ ਵੀ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸਿਖਿਆ ਅਫ਼ਸਰ ਸਰਦਾਰ ਸੁਨੀਤਇੰਦਰ ਸਿੰਘ ਪਹਿਲਾਂ ਮੋਗਾ ਜ਼ਿਲੇ ਵਿਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਸਨ ਅਤੇ ਪਦਉੱਨਤੀ ਹੋਣ ਉਪਰੰਤ ਉਹ ਬਰਨਾਲਾ ਵਿਖੇ ਆਏ।ਸਿਖਿਆ ਖੇਤਰ ਨੂੰ ਸਮਰਪਿਤ ਹੋਣ ਕਰਕੇ ਹੁਣ ਬਰਨਾਲਾ ਜ਼ਿਲ੍ਹੇ ਵਿਚ ਵੀ ਉਹਨਾਂ ਦੀ ਪ੍ਰੇਰਨਾ ਸਦਕਾ ਅਸਰ ਸਾਫ ਦਿਖਾਈ ਦੇਣ ਲੱਗਾ ਹੈ।
ਸਨਮਾਨਿਤ ਹੋਣ ਵਾਲੇ ਵਿਦਿਆਰਥੀਆਂ ਵਿਚ ਨਿਸ਼ਾ, ਤਨਵੀਰ ਕੌਰ ,ਦਿਵਿਆਜੋਤ ਸਿੰਘ,ਜਸਮੀਤ ਕੌਰ ,ਰਾਘਵ ਕੌਸ਼ਲ ,ਮਨਪ੍ਰੀਤ ਕੌਰ ,ਸੋਨੀਆ ,ਨੀਸ਼ੂ ਅਤੇ ਰਿਪਨਪ੍ਰੀਤ ਕੌਰ ਸ਼ਾਮਿਲ ਰਹੇ। ਇਸ ਮੌਕੇ ਮੈਰਿਟ ਵਿਚ ਆਏ ਦਸਵੀਂ ਜਮਾਤ ਦੇ ਵਿਦਿਆਰਥੀ ਨੂੰ ਵੀ ਸਨਮਾਨਿਤ ਕੀਤਾ ਗਿਆ। ਸਿੱਖਿਆ ਕ੍ਰਾਂਤੀ ਲਈ ਕਾਰਜਸ਼ੀਲ ਡਿਪਟੀ ਡੀ ਈ ਓ ਡਾ. ਬਲਜਿੰਦਰ ਪਾਲ ਸਿੰਘ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ।