ਤਰਨਤਾਰਨ (ਅਮਿਤ ਮਰਵਾਹਾ):ਤਰਨਤਾਰਨ ਵਿੱਚ ਦੇਰ ਸ਼ਾਮ ਇੱਕ ਮਾਰਕੀਟ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਪੈਦਲ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਦੀ ਨੋਕ ’ਤੇ ਦੁਕਾਨਦਾਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਪਰ ਦੁਕਾਨਦਾਰ ਨੇ ਹਿੰਮਤ ਦਿਖਾਉਂਦਿਆਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ। ਦੁਕਾਨਦਾਰ ਵੱਲੋਂ ਰੌਲਾ ਪਾਉਣ ’ਤੇ ਮਾਰਕੀਟ ਦੇ ਹੋਰ ਦੁਕਾਨਦਾਰ ਵੀ ਮਦਦ ਲਈ ਪਹੁੰਚ ਗਏ ਅਤੇ ਕਾਬੂ ਕੀਤੇ ਵਿਅਕਤੀ ਦੀ ਕੁੱਟਮਾਰ ਕੀਤੀ ਗਈ। ਇਸ ਦੌਰਾਨ ਦੂਜਾ ਵਿਅਕਤੀ ਹਵਾਈ ਫਾਇਰ ਕਰਦਾ ਹੋਇਆ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਕਾਬੂ ਕੀਤੇ ਵਿਅਕਤੀ ਨੂੰ ਇਲਾਜ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਘਟਨਾ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮਾਰਕੀਟ ਵਿੱਚੋਂ ਇੱਕ ਚੱਲਿਆ ਹੋਇਆ ਕਾਰਤੂਸ ਵੀ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ।

ਦੁਕਾਨਦਾਰ ਦੀ ਹਿੰਮਤ ਨਾਲ ਇੱਕ ਮੁਲਜ਼ਮ ਕਾਬੂ

ਦੁਕਾਨਦਾਰ ਨੇ ਦੱਸਿਆ ਕਿ ਦੇਰ ਸ਼ਾਮ ਦੋ ਵਿਅਕਤੀ ਪੈਦਲ ਉਸ ਦੀ ਦੁਕਾਨ ਅੰਦਰ ਆਏ ਅਤੇ ਪਿਸਤੌਲ ਕੱਢ ਕੇ ਲੁੱਟ ਦੀ ਕੋਸ਼ਿਸ਼ ਕਰਨ ਲੱਗੇ। ਇਸ ’ਤੇ ਉਸ ਨੇ ਹਿੰਮਤ ਦਿਖਾਉਂਦਿਆਂ ਇੱਕ ਵਿਅਕਤੀ ਨਾਲ ਹੱਥੋਪਾਈ ਕੀਤੀ ਅਤੇ ਉਸ ਨੂੰ ਦੁਕਾਨ ਤੋਂ ਬਾਹਰ ਲੈ ਆਇਆ। ਉਸ ਵੱਲੋਂ ਰੌਲਾ ਪਾਉਣ ’ਤੇ ਮਾਰਕੀਟ ਦੇ ਹੋਰ ਦੁਕਾਨਦਾਰ ਵੀ ਇਕੱਠੇ ਹੋ ਗਏ ਅਤੇ ਲੋਕਾਂ ਦੀ ਮਦਦ ਨਾਲ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਦੁਕਾਨਦਾਰ ਅਨੁਸਾਰ ਦੋਵੇਂ ਵਿਅਕਤੀਆਂ ਕੋਲ ਪਿਸਤੌਲ ਸਨ ਅਤੇ ਫੜੇ ਗਏ ਵਿਅਕਤੀ ਨੂੰ ਹਥਿਆਰ ਸਮੇਤ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ

ਦੂਜੇ ਪਾਸੇ, ਥਾਣਾ ਸਿਟੀ ਦੇ ਡਿਊਟੀ ਅਫ਼ਸਰ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੁਕਾਨਦਾਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਫ਼ਰਾਰ ਹੋਏ ਦੂਜੇ ਵਿਅਕਤੀ ਦੀ ਭਾਲ ਅਤੇ ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।