ਕੈਨੇਡਾ ,ਐਡਮੰਟਨ 22 ਅਗਸਤ (ਕੁਲਤਾਰਨ ਸਿੰਘ ਪਧਿਆਣਾ )ਕਲ ਸਵੇਰੇ ਲਗਭਗ 5 ਵਜੇ ਐਡਮੰਟਨ ਸਥਿਤ ਗੁਰਦੁਆਰਾ ਨਾਨਕਸਰ ਗੁਰਸਿੱਖ ਟੈਂਪਲ ਵਿੱਚ ਇੱਕ ਗੈਰ ਸਿੱਖ ਹਮਲਾਵਰ ਨੇ ਹਮਲਾ ਕਰ ਦੋ ਜਣਿਆਂ ਨੂੰ ਜ਼ਖ਼ਮੀ ਕਰ ਦਿੱਤਾ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਮੁਤਾਬਕ ਇਸ ਹਮਲੇ ਵਿੱਚ ਦੋ ਸਿੱਖ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਰਿਪੋਰਟਾਂ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਹੋਈ ਹੈ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਤੀਨਿਧ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਹਮਲਾਵਰ ਨੇ ਗੁਰਦੁਆਰੇ ਵਿੱਚ ਦਾਖਲ ਹੋ ਕੇ ਅੰਦਰ ਮੌਜੂਦ ਲੋਕਾਂ ‘ਤੇ ਹਮਲਾ ਕੀਤਾ ਹੈ। ਪੁਲਿਸ ਘਟਨਾ ਸਥਲ ‘ਤੇ ਮੌਜੂਦ ਹੈ ਅਤੇ ਜਾਂਚ ਜਾਰੀ ਰਹਿਣ ਤੱਕ ਗੁਰਦੁਆਰਾ ਸੰਗਤ ਲਈ ਬੰਦ ਕਰ ਦਿੱਤਾ ਗਿਆ ਹੈ। ਹਮਲਾਵਰ ਗ੍ਰਿਫਤਾਰ ਹੋ ਚੁੱਕਿਆਂ ਹੈ ਪਰ ਹਾਲੇ ਤੱਕ ਪੁਲਿਸ ਵੱਲੋਂ ਹਮਲੇ ਦਾ ਮਕਸਦ, ਆਰੋਪੀ ਬਾਰੇ ਵੇਰਵੇ ਜਾਂ ਜ਼ਖ਼ਮੀਆਂ ਦੀ ਹਾਲਤ ਬਾਰੇ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਗਿਆ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ, “ਅਸੀਂ ਅੱਜ ਸਵੇਰੇ ਨਾਨਕਸਰ ਗੁਰਦੁਆਰੇ ਵਿੱਚ ਹੋਏ ਇਸ ਹਮਲੇ ਤੋਂ ਡੂੰਘੀ ਤਰ੍ਹਾਂ ਪਰੇਸ਼ਾਨ ਹਾਂ, ਪਰ ਅਫਸੋਸ ਨਾਲ ਕਹਿ ਸਕਦੇ ਹਾਂ ਕਿ ਇਸ ਤੋਂ ਸਾਨੂੰ ਹੈਰਾਨੀ ਨਹੀਂ ਹੋਈ। ਅਸੀਂ ਕਾਫ਼ੀ ਸਮੇਂ ਤੋਂ ਚੇਤਾਵਨੀ ਦੇ ਰਹੇ ਹਾਂ ਕਿ ਕੈਨੇਡਾ ਵਿੱਚ ਐਂਟੀ-ਸਿੱਖ ਨਫ਼ਰਤ ਵਧ ਰਹੀ ਹੈ ਅਤੇ ਜੇ ਇਸ ਨੂੰ ਰੋਕਿਆ ਨਾ ਗਿਆ ਤਾਂ ਨਫ਼ਰਤ ਭਰੀ ਬੋਲਚਾਲ ਧਮਕੀਆਂ ਅਤੇ ਅਸਲ ਹਿੰਸਾ ਵਿੱਚ ਬਦਲ ਸਕਦੀ ਹੈ।”
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਐਡਮੰਟਨ ਪੁਲਿਸ ਸਰਵਿਸ ਅਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਘਟਨਾ ਦੀ ਪੂਰੀ ਜਾਂਚ ਕਰੇ, ਇਸ ਗੱਲ ਦੀ ਵੀ ਪੜਤਾਲ ਕਰੇ ਇਹ ਸਭ ਕਿਉਂ ਵਾਪਰਿਆ ਹੈ। ਸੰਸਥਾ ਨੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਧਾਰਮਿਕ ਥਾਵਾਂ ਦੀ ਸੁਰੱਖਿਆ ਵਧਾਉਣ ਲਈ ਸਿੱਖ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨ।
ਇਹ ਘਟਨਾ ਅਲਬਰਟਾ ਵਿੱਚ ਸਿੱਖ ਭਾਈਚਾਰੇ ਲਈ ਬੇਹੱਦ ਚਿੰਤਾਜਨਕ ਸਮੇਂ ਵਿੱਚ ਹੋਈ ਹੈ। ਲੰਘੇ ਦਿਨੀਂ ਹੀ ਕੈਲਗਰੀ ਪੁਲਿਸ ਨੇ ਕੈਲਗਰੀ ਦੇ ਦੋ ਗੁਰਦੁਆਰਿਆਂ, ਜਿਨ੍ਹਾਂ ਵਿੱਚ ਦਸਮੇਸ਼ ਕਲਚਰ ਸੈਂਟਰ ਵੀ ਸ਼ਾਮਲ ਹੈ, ਨੂੰ ਮਿਲੀਆਂ ਧਮਕੀਆਂ ਭਰੀਆਂ ਕਾਲਾਂ ਦੀ ਜਾਂਚ ਦੀ ਪੁਸ਼ਟੀ ਕੀਤੀ ਸੀ। ਇਸ ਤੋਂ ਇਲਾਵਾ ਇਸ ਮਹੀਨੇ ਦੇ ਸ਼ੁਰੂ ਵਿੱਚ ਐਡਮੰਟਨ ਵਾਲਮਾਰਟ ਵਿੱਚ ਇੱਕ ਸਿੱਖ ਟਰੱਕ ਡਰਾਈਵਰ ‘ਤੇ ਹਮਲੇ ਦੀ ਘਟਨਾ ਵੀ ਹੋਈ ਸੀ, ਜਿਸ ਦੀ ਜਾਂਚ ਹੇਟ ਕ੍ਰਾਈਮਜ਼ ਯੂਨਿਟ ਕਰ ਰਹੀ ਹੈ।




