ਤਰਨਤਾਰਨ,11 ਮਈ (ਜਸ਼ਨ) ਪੰਜਾਬ ਤਰਨਤਾਰਨ ਵਿਖੇ ਵਾਪਰੀ ਘਟਨਾ ਉਪਰੰਤ ਇਲਾਕੇ ਵਿੱਚ ਹੜਕੰਪ ਮਚ ਗਿਆ ਜਦੋਂ ਤਰਨਤਾਰਨ ਬਾਈਪਾਸ ਨੇੜੇ ਸਥਿਤ ਭਾਜਪਾ ਦਫ਼ਤਰ ਵਿੱਚ ਸੋਮਵਾਰ ਸ਼ਾਮ ਕਰੀਬ 15 ਤੋਂ 20 ਨਕਾਬਪੋਸ਼ ਨੌਜਵਾਨ ਅਚਾਨਕ ਦਾਖ਼ਲ ਹੋ ਗਏ ਅਤੇ ਉੱਥੇ ਭਾਰੀ ਤੋੜਫੋੜ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਦਫ਼ਤਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਮੌਕੇ ‘ਤੇ ਮੌਜੂਦ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਧੱਕਾਮੁੱਕੀ ਅਤੇ ਹੱਥਾਪਾਈ ਵੀ ਕੀਤੀ। ਜਦੋਂ ਭਾਜਪਾ ਵਰਕਰਾਂ ਨੇ ਹਮਲਾਵਰਾਂ ਚਿਚੋਣ ਇਕ ਨੂੰ ਫੜ੍ਹ ਲਿਆ ਤਾਂ ਹਮਲਾਵਰਾਂ ਨੇ ਤਾਂ ਰੋੜੇ ਚਲਾਏ ਅਤੇ ਦਫਤਰ ਦੀ ਭੰਨਤੋੜ ਕੀਤੀ। ਇਸ ਘਟਨਾ ਵਿਚ ਇਕ ਦੋ ਪਾਰਟੀ ਵਰਕਰ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਹਮਲਾਵਰਾਂ ਨੇ ਵਰਕਰਾਂ ਤੇ ਸਿਆਹੀ ਵੀ ਸਿੱਟੀ। ਇਸ ਮੌਕੇ ਉਹਨਾਂ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਦੇ ਪਰਚੇ ਵੀ ਦਫਤਰ ਵਿਚ ਸੁੱਟੇ।
ਸੂਚਨਾ ਮਿਲਦੇ ਹੀ ਪੁਲਿਸ ਦੀਆਂ ਕਈ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਇਲਾਕੇ ਨੂੰ ਘੇਰ ਲਿਆ। ਪੁਲਿਸ ਨੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਹਮਲਾਵਰਾਂ ਦੀ ਪਹਿਚਾਣ ਕੀਤੀ ਜਾ ਸਕੇ। ਘਟਨਾ ਤੋਂ ਬਾਅਦ ਭਾਜਪਾ ਦਫ਼ਤਰ ਦੇ ਬਾਹਰ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਭਾਜਪਾ ਦਫ਼ਤਰਾਂ ਅਤੇ ਵਰਕਰਾਂ ‘ਤੇ ਹਮਲਿਆਂ ਦੀਆਂ ਘਟਨਾਵਾਂ ਵਧ ਰਹੀਆਂ ਹਨ, ਜਿਸ ਕਾਰਨ ਮਾਹੌਲ ਪਹਿਲਾਂ ਹੀ ਤਣਾਅਪੂਰਨ ਬਣਿਆ ਹੋਇਆ ਹੈ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਨੂੰ ਡਰੋਂ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ।
ਐਸਐਸਪੀ ਸੁਰਿੰਦਰ ਲਾਂਬਾ ਨੇ ਮੌਕੇ ਤੇ ਆ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।