ਅੰਮ੍ਰਿਤਸਰ ਸਾਹਿਬ, 24 ਮਈ( ਜਸ਼ਨ ) ਜਿਲਾ ਅੰਮ੍ਰਿਤਸਰ ਦੇ ਮਜੀਠਾ ਦੇ ਪਿੰਡ ਹਮਜ਼ਾ ਨੇੜੇ ਹੋਈ ਵੱਡੀ ਵਾਰਦਾਤ ਦੌਰਾਨ ਪੰਜਾਬ ਪੁਲਿਸ ਵਿੱਚ ਤਾਇਨਾਤ ਏਐਸਆਈ ਜੋਗਾ ਸਿੰਘ ਨੂੰ ਡਿਊਟੀ ਤੇ ਰਾਹ 'ਚ ਜਾਂਦੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਏਐਸਆਈ ਜੋਗਾ ਸਿੰਘ ਜਿਲਾ ਗੁਰਦਾਸਪੁਰ ਦੇ ਪਿੰਡ ਘਣੀਏ ਕੇ ਬਾਂਗਰ ਦਾ ਰਹਿਣ ਵਾਲਾ ਸੀ | ਉਧਰ ਪਿੱਛੇ ਮ੍ਰਿਤਕ ਦੇ ਪਿੰਡ ਅਤੇ ਪੂਰੇ ਇਲਾਕੇ 'ਚ ਮਾਹੌਲ ਗ਼ਮਗੀਨ ਹੈ । ਪਤਨੀ ਅਤੇ ਰਿਸਤੇਦਾਰਾਂ ਦਾ ਰੋ ਰੋ ਬੁਰਾ ਹਾਲ ਹੈ। ਏਐੱਸਆਈ ਦੇ ਪਰਿਵਾਰ 'ਚ ਬਜ਼ਰੁਗ ਮਾਂ ਅਤੇ ਪਤਨੀ ਪਿੰਡ 'ਚ ਹਨ ਅਤੇ ਮ੍ਰਿਤਕ ਦਾ ਬੇਟਾ ਅਤੇ ਬੇਟੀ ਜੋ ਦੋਵੇ ਵਿਦੇਸ਼ 'ਚ ਰਹਿੰਦੇ ਹਨ ।
ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਲਈ ਘਰੋਂ ਨਿਕਲਿਆ ਹੋਇਆ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਰ ਸੰਭਾਵੀ ਐਂਗਲ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਪੁਲਿਸ ਮਹਿਕਮੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਏਐਸਆਈ ਜੋਗਾ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਘਣੀਏ ਕੇ, ਅੰਮ੍ਰਿਤਸਰ ਸਿਟੀ ਪੁਲਿਸ ਵਿੱਚ ਤਾਇਨਾਤ ਸਨ। ਜਾਣਕਾਰੀ ਅਨੁਸਾਰ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਿੰਡ ਤੋਂ ਐਕਟਿਵਾ 'ਤੇ ਸਵਾਰ ਹੋ ਕੇ ਡਿਊਟੀ ਲਈ ਜਾ ਰਹੇ ਸਨ। ਜਿਵੇਂ ਹੀ ਉਹ ਹਮਜਾ ਮੋੜ ਨੇੜੇ ਪਹੁੰਚੇ ਤਾਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮਜੀਠਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫੋਰੈਂਸਿਕ ਮਾਹਿਰਾਂ ਅਤੇ ਟੈਕਨੀਕਲ ਟੀਮਾਂ ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਇਸ ਸਬੰਧ ਵਿੱਚ ਐਸਐਸਪੀ ਦਿਹਾਤੀ ਨੇ ਕਿਹਾ ਕਿ ਸਾਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਫਤਿਹਗੜ੍ਹ ਚੂੜੀਆਂ-ਮਜੀਠਾ ਰੋਡ 'ਤੇ ਸਾਡੇ ਇੱਕ ਪੁਲਿਸ ਮੁਲਾਜ਼ਮ ਏਐਸਆਈ ਜੋਗਾ ਸਿੰਘ ਦੀ ਡੈੱਡ ਬਾਡੀ ਪਈ ਹੈ। ਸੂਚਨਾ ਮਿਲਦਿਆਂ ਹੀ ਐਸਐਚਓ ਮਜੀਠਾ ਮੌਕੇ 'ਤੇ ਪਹੁੰਚੇ। ਮੌਕੇ ਦੀ ਜਾਂਚ ਦੌਰਾਨ ਗਨ ਸ਼ਾਟ ਇੰਜਰੀਆਂ ਸਾਹਮਣੇ ਆਈਆਂ। ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਫੋਰੈਂਸਿਕ ਅਤੇ ਟੈਕਨੀਕਲ ਟੀਮਾਂ ਜਾਂਚ ਕਰ ਰਹੀਆਂ ਹਨ। ਮੈਂ ਖੁਦ ਵੀ ਮੌਕੇ 'ਤੇ ਮੌਜੂਦ ਹਾਂ। ਇਹ ਕਾਫੀ ਵਿਅਸਤ ਰੋਡ ਹੈ, ਇਸ ਲਈ ਅਸੀਂ ਨਿੱਜੀ ਰੰਜਿਸ਼, ਰੋਡ ਰੇਜ ਜਾਂ ਹੋਰ ਕਿਸੇ ਵੀ ਸੰਭਾਵੀ ਐਂਗਲ ਤੋਂ ਜਾਂਚ ਕਰ ਰਹੇ ਹਾਂ। ਜਲਦ ਹੀ ਮਾਮਲੇ ਨੂੰ ਟਰੇਸ ਕਰ ਲਿਆ ਜਾਵੇਗਾ।"
ਜ਼ਿਕਰਯੋਗ ਹੈ ਕਿ ਮਜੀਠਾ ਵਿੱਚ 26 ਮਈ ਨੂੰ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਕਾਰਨ ਪੂਰੇ ਹਲਕੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਬੀਤੇ ਦਿਨਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਫਲੈਗ ਮਾਰਚ ਕਰਕੇ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਵੀ ਦਿੱਤਾ ਗਿਆ ਸੀ। ਅਜਿਹੇ ਹਾਲਾਤਾਂ ਵਿੱਚ ਇੱਕ ਡਿਊਟੀਸ਼ੁਦਾ ਪੁਲਿਸ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ ਹੋ ਜਾਣ ਕਾਰਨ ਕਾਨੂੰਨ-ਵਿਵਸਥਾ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਮ੍ਰਿਤਕ ਏਐਸਆਈ ਜੋਗਾ ਸਿੰਘ ਪਿੰਡ ਘਣੀਏ ਕੇ ਦੇ ਰਹਿਣ ਵਾਲੇ ਸਨ ਅਤੇ ਅੰਮ੍ਰਿਤਸਰ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਜਾਣਕਾਰੀ ਅਨੁਸਾਰ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ ਪੰਜ ਵਜੇ ਆਪਣੇ ਘਰ ਤੋਂ ਡਿਊਟੀ ਲਈ ਨਿਕਲੇ ਸਨ। ਜਿਵੇਂ ਹੀ ਉਹ ਮਜੀਠਾ ਨੇੜੇ ਫਤਿਹਗੜ੍ਹ ਚੂੜੀਆਂ ਰੋਡ ’ਤੇ ਹਮਜਾ ਮੋੜ ਕੋਲ ਪਹੁੰਚੇ ਤਾਂ ਪਿੱਛੋਂ ਆਏ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ’ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਚਾਰ ਗੋਲੀਆਂ ਚਲਾਈਆਂ, ਜੋ ਸਿੱਧੀਆਂ ਜੋਗਾ ਸਿੰਘ ਨੂੰ ਲੱਗੀਆਂ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮਜੀਠਾ ਪੁਲਿਸ ਅਤੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਫੋਰੈਂਸਿਕ ਅਤੇ ਟੈਕਨੀਕਲ ਟੀਮਾਂ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੁਲਿਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜੋਗਾ ਸਿੰਘ ਬਹੁਤ ਹੀ ਸ਼ਰੀਫ ਅਤੇ ਇਮਾਨਦਾਰ ਵਿਅਕਤੀ ਸਨ। ਉਨ੍ਹਾਂ ਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਸੀ। ਪਰਿਵਾਰ ਦਾ ਕਹਿਣਾ ਹੈ ਕਿ ਨਾ ਤਾਂ ਕੋਈ ਲੁੱਟਖੋਹ ਹੋਈ ਹੈ ਅਤੇ ਨਾ ਹੀ ਹਮਲਾਵਰ ਕੋਈ ਸਮਾਨ ਲੈ ਕੇ ਗਏ ਹਨ। ਉਨ੍ਹਾਂ ਦਾ ਪਰਸ, ਮੋਬਾਇਲ ਅਤੇ ਹੋਰ ਸਮਾਨ ਮੌਕੇ ’ਤੇ ਹੀ ਪਿਆ ਮਿਲਿਆ। ਪਰਿਵਾਰ ਨੇ ਇਸ ਨੂੰ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੰਦਿਆਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਜੋਗਾ ਸਿੰਘ ਦੀ ਉਮਰ ਕਰੀਬ 58 ਸਾਲ ਦੱਸੀ ਜਾ ਰਹੀ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਇੱਕ ਪੁੱਤਰ ਅਤੇ ਇੱਕ ਧੀ ਹਨ, ਜੋ ਦੋਵੇਂ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਵਿਆਹੇ ਹੋਏ ਹਨ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਡਰ ਅਤੇ ਗੁੱਸੇ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਪੁਲਿਸ ਮੁਲਾਜ਼ਮ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣੇਗੀ। ਜ਼ਿਕਰਯੋਗ ਹੈ ਕਿ 26 ਮਈ ਨੂੰ ਮਜੀਠਾ ਵਿੱਚ ਨਗਰ ਕੌਂਸਲ ਚੋਣਾਂ ਹੋਣੀਆਂ ਹਨ ਅਤੇ ਚੋਣਾਂ ਤੋਂ ਪਹਿਲਾਂ ਹੋਈ ਇਸ ਵੱਡੀ ਵਾਰਦਾਤ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।




