ਮੋਗਾ, 3 ਅਗਸਤ (ਜਸ਼ਨ ) ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮੁੱਖ ਪੰਜ ਮੈਂਬਰੀ ਕਮੇਟੀ ਅਤੇ ਪਾਲੀਟੀਕਲ ਅਫੇਅਰਜ਼ ਕਮੇਟੀ (ਪੀ.ਏ.ਸੀ.) ਦੀ ਇੱਕ ਅਹਿਮ ਮੀਟਿੰਗ ਅੱਜ ਮੋਗਾ ਵਿਖੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਵਿਸ਼ੇਸ਼ ਤੌਰ ਸ਼ਾਮਿਲ ਹੋਏ ਹਲਕਾ ਦਾਖਾਂ ਤੋਂ ਐਮ.ਐਲ.ਏ ਮਨਪ੍ਰੀਤ ਸਿੰਘ ਇਆਲੀ ਤੋਂ ਇਲਾਵਾ ਮੁੱਖ ਪੰਜ ਮੈਂਬਰੀ ਕਮੇਟੀ ਅਤੇ ਸੀਨੀਅਰ ਲੀਡਰਸ਼ਿਪ ਵਿਚੋੰ ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਹਰਭਜਨ ਸਿੰਘ ਤੁੜ,ਸੁਰਜੀਤ ਸਿੰਘ ਦੌਲਤਪੁਰ, ਬਾਬੂ ਸਿੰਘ ਬਰਾੜ, ਕਾਬਲ ਸਿੰਘ, ਪ੍ਰਗਟ ਸਿੰਘ ਜੱਲੂਪੁਰ, ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ, ਬੀਬੀ ਹਰਪ੍ਰੀਤ ਕੌਰ, ਪ੍ਰੋਫੈਸਰ ਸਤਨਾਮ ਕੌਰ, ਪ੍ਰਿਥੀਪਾਲ ਸਿੰਘ, ਲੱਖਾ ਸਿੰਘ ਸਿਧਾਣਾਂ, ਭਾਈ ਦਲੇਰ ਸਿੰਘ ਡੋਡ, ਸ੍ਰ ਗਗਨਦੀਪ ਸਿੰਘ ਗੋਰਾਇਆ, ਭਾਈ ਪ੍ਰਗਟ ਸਿੰਘ ਮੀਆਂਵਿੰਡ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਸੁਖਦੇਵ ਸਿੰਘ ਕਾਦੀਆਂ, ਭਾਈ ਜਸਕਰਨ ਸਿੰਘ ਲੋਪੋਕੇ, ਭਾਈ ਜਸ਼ਨਦੀਪ ਸਿੰਘ, ਐਡਵੋਕੇਟ ਹਰਜੋਤ ਸਿੰਘ ਮਾਨ, ਭਾਈ ਜਸ਼ਨਦੀਪ ਸਿੰਘ, ਮੇਹਰਦੀਨ ਅਤੇ ਭਾਈ ਅਵਤਾਰ ਸਿੰਘ ਮਾਨਸਾ ਵੀ ਮੌਜੂਦ ਸਨ। ਮੀਟਿੰਗ ਵਿਚ ਪਾਰਟੀ ਦੀ ਮੌਜੂਦਾ ਸਿਆਸੀ ਸਥਿਤੀ, ਸੰਗਠਨਾਤਮਕ ਢਾਂਚੇ ਅਤੇ ਪੰਜਾਬ ਨਾਲ ਜੁੜੇ ਅਹਿਮ ਲੋਕ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ 29 ਜੁਲਾਈ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਿਵਾਸ ਦੇ ਘਿਰਾਓ ਪ੍ਰੋਗਰਾਮ ਦੀ ਸਮੀਖਿਆ ਕੀਤੀ ਗਈ ਅਤੇ ਇਸ ਅੰਦੋਲਨ ਨੂੰ ਮਿਲੇ ਲੋਕ ਸਮਰਥਨ ਨੂੰ ਪਾਰਟੀ ਦੀ ਲੋਕਪੱਖੀ ਸੋਚ ਦਾ ਪ੍ਰਤੀਕ ਕਰਾਰ ਦਿੱਤਾ ਗਿਆ ਨਾਲ ਹੀ ਭਵਿੱਖ ਵਿਚ ਲੋਕ ਹਿੱਤਾਂ ਦੇ ਸੰਘਰਸ਼ ਨੂੰ ਹੋਰ ਮਜ਼ਬੂਤੀ ਅਤੇ ਸੁਚੱਜੇ ਢੰਗ ਨਾਲ ਅੱਗੇ ਵਧਾਉਣ ਲਈ ਰਣਨੀਤੀ ’ਤੇ ਵੀ ਸਹਿਮਤੀ ਬਣੀ। ਇਸ ਮੌਕੇ ਬਾਪੂ ਤਰਸੇਮ ਸਿੰਘ ਜੀ ਅਤੇ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜਾਬ ਦੇ ਹਰ ਵਰਗ ਲਈ ਸੰਘਰਸ਼ ਕਰੇਗਾ। ਮੀਟਿੰਗ ਵਿਚ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨਵੇਂ ਹਲਕਾ ਇੰਚਾਰਜਾਂ, ਜ਼ਿਲਾ ਪ੍ਰਧਾਨਾਂ ਅਤੇ ਐਸ.ਸੀ.-ਬੀ.ਸੀ. ਵਿੰਗ ਦੇ ਗਠਨ ਸਬੰਧੀ ਵਿਸਥਾਰਪੂਰਵਕ ਵਿਚਾਰ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਕਿਸਾਨਾਂ, ਨੌਜਵਾਨਾਂ, ਬੇਰੁਜ਼ਗਾਰੀ, ਨਸ਼ਿਆਂ, ਪੰਜਾਬ ਦੇ ਪਾਣੀਆਂ, ਪੰਜਾਬੀ ਭਾਸ਼ਾ ਅਤੇ ਹੋਰ ਭਖਦੇ ਲੋਕ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਅਤੇ ਉਨ੍ਹਾਂ ਦੇ ਹੱਲ ਲਈ ਪਾਰਟੀ ਦੀ ਅਗਲੀ ਕਾਰਜਯੋਜਨਾ ਬਾਰੇ ਵੀ ਵਿਚਾਰ ਕੀਤਾ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜਾਬ ਦੇ ਹੱਕਾਂ, ਲੋਕਾਂ ਦੀਆਂ ਜਾਇਜ਼ ਮੰਗਾਂ ਅਤੇ ਪੰਥਕ ਸਿਧਾਂਤਾਂ ਦੀ ਰਾਖੀ ਲਈ ਆਪਣਾ ਸੰਘਰਸ਼ ਪਹਿਲਾਂ ਨਾਲੋਂ ਹੋਰ ਮਜ਼ਬੂਤੀ ਨਾਲ ਜਾਰੀ ਰੱਖੇਗਾ ਅਤੇ ਸੰਗਠਨ ਨੂੰ ਪਿੰਡ ਪੱਧਰ ਤੱਕ ਹੋਰ ਮਜ਼ਬੂਤ ਕੀਤਾ ਜਾਵੇਗਾ।