ਮੋਗਾ, 28 ਅਗਸਤ (ਜਸ਼ਨ ) ਪਿੰਡ ਥੰਮਣਵਾਲਾ ਦੇ ਟਕਸਾਲੀ ਕਾਂਗਰਸੀ ਆਗੂ ਗੁਰਤੇਜ ਸਿੰਘ ਥੰਮਣਵਾਲਾ ਦੇ ਗ੍ਰਹਿ ਵਿਖੇ ਹਲਕਾ ਮੋਗਾ ਦੇ ਸੇਵਾਦਾਰ ਅਤੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਦੀ ਰਣਨੀਤੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਵਿਨੋਦ ਬਾਂਸਲ ਦੇ ਨਾਲ ਨਗਰ ਨਿਗਮ ਮੋਗਾ ਦੇ ਕੌਂਸਲਰ ਭਾਰਤ ਭੂਸ਼ਣ ਗਰਗ, ਇਕਬਾਲ ਸਿੰਘ ਡਰੋਲੀ ਭਾਈ, ਪਰਮਜੀਤ ਸਿੰਘ ਧਾਮੀ ਸਲੀਣਾ, ਮਨਜੀਤ ਸਿੰਘ ਮੀਤਾ ਸਲੀਣਾ, ਸਾਬਕਾ ਸਰਪੰਚ ਰਾਮਪਾਲ ਸਿੰਘ, ਹਿੰਦਾ ਬਰਾੜ ਸੱਦੇਵਾਲਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਨੋਦ ਬਾਂਸਲ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਤੋਂ ਅੱਕੇ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰ ਤੋਂ ਜਿਹੜੀਆਂ ਉਮੀਦਾਂ ਸਨ, ਉਹ ਪੂਰੀਆਂ ਨਾ ਹੋਣ ਕਾਰਨ ਹੁਣ ਪੰਜਾਬ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵੱਲ ਉਮੀਦ ਦੀ ਨਜ਼ਰ ਨਾਲ ਦੇਖ ਰਹੇ ਹਨ। ਵਿਨੋਦ ਬਾਂਸਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹਰੇਕ ਵਰਕਰ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਿੰਡ ਪੱਧਰ ’ਤੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਪਾਰਟੀ ਵਰਕਰ ਇਕਜੁੱਟ ਹੋ ਕੇ ਮਿਹਨਤ ਕਰਨ ਤਾਂ ਮੋਗਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਜਿੱਤ ਹਾਸਲ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਡੋਰ-ਟੂ-ਡੋਰ ਪ੍ਰਚਾਰ ਕਰ ਰਹੇ ਹਨ ਅਤੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਸਮਝ ਰਹੇ ਹਨ। ਉਨ੍ਹਾਂ ਅਨੁਸਾਰ ਪਿੰਡਾਂ ਵਿਚ ਹੋ ਰਹੀਆਂ ਮੀਟਿੰਗਾਂ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਪਿੰਡ ਥੰਮਣਵਾਲਾ ਦੇ ਲੋਕਾਂ ਨੇ ਹੱਥ ਖੜ੍ਹੇ ਕਰਕੇ ਵਿਨੋਦ ਬਾਂਸਲ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਸਾਥ ਦੇਣ ਦਾ ਐਲਾਨ ਕੀਤਾ। ਇਸ ਮੌਕੇ ਹਾਜ਼ਰ ਆਗੂਆਂ ਅਤੇ ਵਰਕਰਾਂ ਨੇ ਕਾਂਗਰਸ ਪਾਰਟੀ ਨੂੰ ਹਲਕੇ ਵਿਚ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ।