ਅੰਮ੍ਰਿਤਸਰ ਸਾਹਿਬ, 24 ਮਈ (ਜਸ਼ਨ )ਧਾਰਮਿਕ ਨਗਰੀ ਅੰਮ੍ਰਿਤਸਰ ਦੇ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ (ਸ਼ਹੀਦਾਂ ਸਾਹਿਬ) ਵਿਖੇ ਅੱਜ ਇੱਕ ਬਹੁਤ ਹੀ ਦਰਦਨਾਕ ਅਤੇ ਵੱਡਾ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਚੱਲ ਰਹੇ ਉਸਾਰੀ ਕਾਰਜ ਦੌਰਾਨ ਅਚਾਨਕ ਲੈਂਟਰ ਵਾਲੀਆਂ ਲੋਹੇ ਦੀਆਂ ਪਲੇਟਾਂ ਹੇਠਾਂ ਬੈਠੀ ਸੰਗਤ ਉੱਤੇ ਜਾ ਡਿੱਗੀਆਂ। ਇਸ ਭਿਆਨਕ ਹਾਦਸੇ ਵਿੱਚ ਨੌਂ ਔਰਤਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਵਿੱਚੋਂ ਦੋ ਔਰਤਾਂ ਦੀ ਮੌਤ ਹੋਣ ਦੀ ਬੇਹੱਦ ਮੰਦਭਾਗੀ ਖ਼ਬਰ ਹੈ, ਜਦਕਿ ਤਿੰਨ ਔਰਤਾਂ ਦੀ ਹਾਲਤ ਅਜੇ ਵੀ ਕਾਫ਼ੀ ਨਾਜ਼ੁਕ ਬਣੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ, ਗੁਰਦੁਆਰਾ ਸਾਹਿਬ ਵਿਖੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਇੱਕ ਪੰਜ ਮੰਜਲਾ ਇਮਾਰਤ ਦੀ ਉਸਾਰੀ ਕਰਵਾਈ ਜਾ ਰਹੀ ਹੈ, ਜਿਸ ਵਿੱਚ ਲੰਗਰ ਹਾਲ ਅਤੇ ਕਾਰ ਪਾਰਕਿੰਗ ਬਣਾਈ ਜਾ ਰਹੀ ਹੈ। ਅੱਜ ਐਤਵਾਰ ਦਾ ਦਿਨ ਹੋਣ ਕਾਰਨ ਲੱਖਾਂ ਦੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਪਹੁੰਚੀ ਹੋਈ ਸੀ। ਸੰਗਤ ਦੀ ਆਮਦ ਜ਼ਿਆਦਾ ਹੋਣ ਕਰਕੇ ਅਤੇ ਧੁੱਪ ਤੋਂ ਬਚਣ ਲਈ ਸ਼ਰਧਾਲੂ ਇਧਰ-ਉਧਰ ਛਾਂਦਾਰ ਥਾਵਾਂ 'ਤੇ ਬੈਠ ਕੇ ਬਾਣੀ ਦਾ ਪਾਠ ਕਰ ਰਹੇ ਸਨ। ਇਸੇ ਦੌਰਾਨ ਉਸਾਰੀ ਅਧੀਨ ਥਾਂ ਕੋਲ ਬੈਠ ਕੇ ਬਾਣੀ ਪੜ੍ਹ ਰਹੀਆਂ ਔਰਤਾਂ 'ਤੇ ਅਚਾਨਕ ਭਾਰੀ ਪਲੇਟਾਂ ਆ ਡਿੱਗੀਆਂ। ਹਾਦਸਾ ਵਾਪਰਦਿਆਂ ਹੀ ਉੱਥੇ ਚੀਕ-ਚਿਹਾਰਾ ਮਚ ਗਿਆ। ਮੌਕੇ 'ਤੇ ਮੌਜੂਦ ਸੇਵਾਦਾਰਾਂ ਅਤੇ ਸੰਗਤ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ। ਸਾਰੀਆਂ ਜ਼ਖ਼ਮੀ ਔਰਤਾਂ ਨੂੰ ਤੁਰੰਤ ਇਲਾਜ ਲਈ ਸ੍ਰੀ ਗੁਰੂ ਰਾਮਦਾਸ ਵੱਲਾ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਇਸ ਸਬੰਧੀ ਸੁਖਚੈਨ ਸਿੰਘ ਸਿਵਿਲ ਡਿਫੈਂਸ ਇਨਚਾਰਜ ਨੇ ਵੀ ਦੱਸਿਆ ਕਿ ਇਸ ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋਈ ਹੈ ਜਦਕਿ ਸੱਤ ਅੱਠ ਦੇ ਕਰੀਬ ਔਰਤਾਂ ਜ਼ਖਮੀ ਹੋਈਆਂ ਹਨ ਜਿਨਾਂ ਦਾ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਮੌਕੇ ਤੇ ਪਹੁੰਚੇ ਐਸਪੀ ਵਿਸ਼ਾਲਜੀਤ ਸਿੰਘ ਨੇ "ਅੰਤਰਰਾਸ਼ਟਰੀ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਿਲਹਾਲ ਸਾਰੀਆਂ ਔਰਤਾਂ ਜਖਮੀ ਹਨ ਜਿਨਾਂ ਚੋਂ ਦੋ ਤਿੰਨ ਔਰਤਾਂ ਦੀ ਹਾਲਤ ਜਿਆਦਾ ਗੰਭੀਰ ਬਣੀ ਹੋਈ ਹੈ ਅਤੇ ਉਹਨਾਂ ਨੂੰ ਇਲਾਜ ਲਈ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਭੇਜਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ