ਅੰਮ੍ਰਿਤਸਰ ਸਾਹਿਬ ,13 ਮਈ( ਜਸ਼ਨ )ਗੈਰਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਭੰਡਾਫੋੜ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਆਕਾਸ਼ਦੀਪ ਸਿੰਘ ਉਰਫ਼ ਆਕਾਸ਼, ਹਰਮਨਦੀਪ ਸਿੰਘ ਉਰਫ਼ ਹਰਮਨ, ਮਨੀਸ਼ ਸਿੰਘ ਉਰਫ਼ ਮਨੀਸ਼, ਕਿਸ਼ਨ ਸਿੰਘ ਅਤੇ ਇੱਕ ਨਾਬਾਲਿਗ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 6 ਆਧੁਨਿਕ ਪਿਸਤੌਲ ਅਤੇ 14 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਸਾਰਾ ਆਪਰੇਸ਼ਨ ਇੰਟੈਲੀਜੈਂਸ ਅਧਾਰਿਤ ਸੀ, ਜਿਸ ਨੂੰ ਐਂਟੀ ਨਾਰਕੋਟਿਕ ਆਪਰੇਸ਼ਨ ਸੈੱਲ ਵੱਲੋਂ ਅੰਜਾਮ ਦਿੱਤਾ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁੱਖ ਆਰੋਪੀ ਆਕਾਸ਼ਦੀਪ ਸਿੰਘ ਪਾਕਿਸਤਾਨ ਅਧਾਰਿਤ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਡਰੋਨਾਂ ਰਾਹੀਂ ਅਟਾਰੀ ਸੈਕਟਰ ਵਿੱਚ ਸੁੱਟੀਆਂ ਜਾਣ ਵਾਲੀਆਂ ਹਥਿਆਰਾਂ ਦੀਆਂ ਖੇਪਾਂ ਨੂੰ ਅੱਗੇ ਅਪਰਾਧਿਕ ਤੱਤਾਂ ਤੱਕ ਪਹੁੰਚਾਉਂਦਾ ਸੀ। ਪੁਲਿਸ ਮੁਤਾਬਕ ਆਕਾਸ਼ਦੀਪ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਕੱਟ ਚੁੱਕਾ ਹੈ। ਸਾਲ 2020 ਵਿੱਚ ਲੋਪੋਕੇ ਥਾਣੇ ਵਿੱਚ ਦਰਜ ਦੋ ਕਿਲੋ ਹੈਰੋਇਨ ਮਾਮਲੇ ਵਿੱਚ ਉਹ ਗ੍ਰਿਫ਼ਤਾਰ ਹੋਇਆ ਸੀ ਅਤੇ 23 ਮਾਰਚ 2026 ਨੂੰ ਜੇਲ੍ਹ ਤੋਂ ਬਾਹਰ ਆਇਆ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਮੁੜ ਸਰਹੱਦ ਪਾਰ ਤਸਕਰਾਂ ਨਾਲ ਸੰਪਰਕ ਕਰਕੇ ਆਪਣਾ ਨੈੱਟਵਰਕ ਸਰਗਰਮ ਕਰ ਲਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਆਕਾਸ਼ਦੀਪ ਨੇ ਆਪਣੇ ਇਲਾਕੇ ਦੇ ਨੌਜਵਾਨਾਂ ਅਤੇ ਇੱਕ ਨਾਬਾਲਿਗ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਸ ਧੰਦੇ ਵਿੱਚ ਜੋੜਿਆ ਹੋਇਆ ਸੀ। ਪੁਲਿਸ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨੂੰ ਦੱਸਿਆ ਕਿ ਮੁਲਜ਼ਮ ਲੇਬਰ ਅਤੇ ਪਲੰਬਰੀ ਦਾ ਕੰਮ ਕਰਦੇ ਸਨ ਅਤੇ ਛੋਟੀ ਉਮਰ ਵਿੱਚ ਵੱਧ ਪੈਸੇ ਕਮਾਉਣ ਦੇ ਲਾਲਚ ਕਾਰਨ ਇਸ ਰਾਹ ‘ਤੇ ਤੁਰ ਪਏ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਨੌਜਵਾਨਾਂ ਨੂੰ ਅਜਿਹੇ ਗਲਤ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ‘ਤੇ ਨਜ਼ਰ ਰੱਖਣ ਦੀ ਲੋੜ ਹੈ।