* ਝੋਟਾ ਪਰਿਵਾਰ ਦੀ ਦੂਰਅੰਦੇਸ਼ੀ ਅਤੇ ਮੋਰਚਾ ਸੰਚਾਲਕਾਂ ਦੀ ਅਗਵਾਈ ਦੀ ਕੀਤੀ ਪ੍ਰਸ਼ੰਸਾ

ਮੋਗਾ 19 ਅਕਤੂਬਰ (ਜਸ਼ਨ ):
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੱਲ੍ਹ ਹੋ ਰਹੇ ਪੰਜਾਬ ਦੌਰੇ ਦਾ ਨਿੱਘਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਪੰਜਾਬ ਵਿੱਚ ਵਾਪਰੀਆਂ ਹਾਲੀਆ ਦੁਖਾਂਤਕ ਘਟਨਾਵਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ, ਨਸ਼ਾ-ਮੁਕਤ ਪੰਜਾਬ ਦੀ ਲੜਾਈ ਲੜਦਿਆਂ ਆਪਣੀ ਸ਼ਹਾਦਤ ਦੇਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵਿਸ਼ੇਸ਼ ਤੌਰ 'ਤੇ ਆ ਰਹੇ ਹਨ।
ਡਾ. ਹਰਜੋਤ ਕਮਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਨਸ਼ਿਆਂ ਅਤੇ ਕਾਨੂੰਨ-ਵਿਵਸਥਾ ਦੇ ਸੰਕਟ ਵਿੱਚ ਬਲ ਰਿਹਾ ਹੈ, ਨਸ਼ਿਆਂ ਕਾਰਨ ਰੋਜ਼ਾਨਾ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਅਜਿਹੇ ਨਾਜ਼ੁਕ ਸਮੇਂ ਦੇਸ਼ ਦੇ ਗ੍ਰਹਿ ਮੰਤਰੀ ਦਾ ਪੰਜਾਬ ਆਉਣਾ ਅਤੇ ਪੀੜਤ ਪਰਿਵਾਰਾਂ ਨਾਲ ਖੜ੍ਹਨਾ ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਗੰਭੀਰਤਾ ਨੂੰ ਦਰਸਾਉਂਦਾ ਹੈ।
ਉਹਨਾਂ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਸਰਦਾਰ ਭੀਮ ਸਿੰਘ ਅਤੇ ਝੋਟੇ ਦੀ ਧਰਮ ਪਤਨੀ ਵੱਲੋਂ ਦਿੱਤੇ ਗਏ ਸਾਂਝੇ ਬਿਆਨ ਦਾ ਸਵਾਗਤ ਕੀਤਾ, ਜਿਸ ਵਿੱਚ ਉਹਨਾਂ ਕਿਹਾ ਹੈ ਕਿ ਜੇਕਰ ਅਮਿਤ ਸ਼ਾਹ ਜੀ ਸੰਵੇਦਨਾ ਪ੍ਰਗਟ ਕਰਨ ਆਉਂਦੇ ਹਨ ਤਾਂ ਉਹ ਉਹਨਾਂ ਦਾ ਸਵਾਗਤ ਕਰਦੇ ਹਨ। ਡਾ. ਹਰਜੋਤ ਕਮਲ ਨੇ ਕਿਹਾ ਕਿ ਪੁੱਤਰ ਦੀ ਸ਼ਹਾਦਤ ਤੋਂ ਬਾਅਦ ਜਿਸ ਹੌਸਲੇ, ਦੂਰਅੰਦੇਸ਼ੀ ਅਤੇ ਸੰਜਮ ਨਾਲ ਪਰਿਵਾਰ ਆਪਣੇ ਆਪ ਨੂੰ ਸੰਭਾਲ ਕੇ ਮੋਰਚੇ ਦੀ ਅਗਵਾਈ ਕਰ ਰਿਹਾ ਹੈ, ਉਹ ਬੇਹੱਦ ਸ਼ਲਾਘਾਯੋਗ ਹੈ। ਇਸ ਦੇ ਨਾਲ ਹੀ ਉਹਨਾਂ ਮੋਰਚੇ ਨੂੰ ਚਲਾ ਰਹੇ ਸਾਰੇ ਸਾਥੀਆਂ ਦੀ ਵੀ ਪਿੱਠ ਥਾਪੜੀ, ਜਿਹਨਾਂ ਨੇ ਇਸ ਔਖੀ ਘੜੀ ਵਿੱਚ ਪਰਿਵਾਰ ਦੇ ਬਗਲਗੀਰ ਹੋ ਕੇ ਮੋਰਚੇ ਨੂੰ ਸੰਭਾਲਿਆ ਹੋਇਆ ਹੈ।
ਡਾ. ਹਰਜੋਤ ਕਮਲ ਨੇ ਮੋਰਚੇ ਦੀ ਅਗਵਾਈ ਕਰ ਰਹੇ ਸਾਥੀਆਂ ਨੂੰ ਇੱਕ ਸੁਹਿਰਦ ਅਪੀਲ ਕਰਦਿਆਂ ਕਿਹਾ ਕਿ ਜਦੋਂ ਇਸ ਮੋਰਚੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਆ ਕੇ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ, ਤਾਂ ਜੇਕਰ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਵੀ ਮੋਰਚੇ ਵਿੱਚ ਆਉਂਦੇ ਹਨ ਤਾਂ ਇਸ ਵਿੱਚ ਕੋਈ ਮਾੜੀ ਗੱਲ ਨਹੀਂ ਹੈ। ਅੱਜ ਪੂਰਾ ਪੰਜਾਬ ਨਸ਼ਿਆਂ ਵਿਰੁੱਧ ਉਬਲ ਰਿਹਾ ਹੈ ਅਤੇ ਪਰਿਵਾਰ ਸਮੇਤ ਸਮੂਹ ਪੰਜਾਬੀ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਅਤੇ ਨਸ਼ਾ-ਮੁਕਤ ਪੰਜਾਬ ਦੀ ਮੰਗ ਕਰ ਰਹੇ ਹਨ। ਜੇਕਰ ਦੇਸ਼ ਦੇ ਗ੍ਰਹਿ ਮੰਤਰੀ ਖ਼ੁਦ ਉੱਥੇ ਆ ਕੇ ਨਸ਼ੇ ਦੇ ਨੈੱਟਵਰਕ 'ਤੇ ਕਾਰਵਾਈ, ਸੀ.ਬੀ.ਆਈ. ਜਾਂਚ ਅਤੇ ਝੋਟੇ ਦੀ ਸ਼ਹਾਦਤ ਬਾਰੇ ਕੇਂਦਰ ਦਾ ਰੁਖ਼ ਸਪੱਸ਼ਟ ਕਰਦੇ ਹਨ, ਤਾਂ ਇਹ ਸਮੁੱਚੇ ਪੰਜਾਬੀਆਂ ਅਤੇ ਇਸ ਇਨਸਾਫ਼ ਦੇ ਘੋਲ ਲਈ ਇੱਕ ਬਹੁਤ ਵੱਡੀ ਅਤੇ ਸਾਰਥਕ ਪ੍ਰਾਪਤੀ ਹੋਵੇਗੀ।