ਕੋਟ ਈਸੇ ਖਾਂ19 ਜੁਲਾਈ (ਜਸ਼ਨ )ਧੰਨ ਧੰਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਫਾਊਂਡੇਸ਼ਨ ਅਤੇ ਬਰਾੜ ਹਸਪਤਾਲ ਕੋਟਕਪੂਰਾ ਦੇ ਸਹਿਯੋਗ ਨਾਲ ਪਿੰਡ ਲੋਹਾਰਾ (ਮੋਗਾ) ਵਿਖੇ ਤੀਜਾ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨੂੰ ਜਾਣਕਾਰੀ ਦਿੰਦਿਆਂ ਪੰਜਾਬੀ ਗਾਇਕ ਅਤੇ ਸਮਾਜ ਸੇਵੀ ਦੀਪ ਕੰਵਲ ਨੇ ਦੱਸਿਆ ਕਿ ਇਹ ਕੈਂਪ 6 ਅਗਸਤ, ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਮੁਫ਼ਤ ਅੱਖਾਂ ਦਾ ਕੈਂਪ ਪਿੰਡ ਲੋਹਾਰਾ (ਮੋਗਾ) ਵਿਖੇ ਗੁਰਦੁਆਰਾ ਧੰਨ ਧੰਨ ਬਾਬਾ ਨੰਦ ਸਿੰਘ ਜੀ ਸੜਕ ਵਾਲਾ, ਨੇੜੇ ਫੱਕਰ ਬਾਬਾ ਦਾਮੂ ਸ਼ਾਹ ਜੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਜਿਨ੍ਹਾਂ ਮਰੀਜ਼ਾਂ ਨੂੰ ਅੱਖਾਂ ਦੇ ਆਪਰੇਸ਼ਨ ਦੀ ਲੋੜ ਹੋਵੇਗੀ, ਉਨ੍ਹਾਂ ਦੇ ਲੋੜੀਂਦੇ ਆਪਰੇਸ਼ਨ ਵੀ ਸੰਸਥਾ ਵੱਲੋਂ ਮੁਫ਼ਤ ਕਰਵਾਏ ਜਾਣਗੇ।

ਦੀਪ ਕੰਵਲ ਨੇ ਕਿਹਾ ਕਿ ਅੱਖਾਂ ਮਨੁੱਖੀ ਜੀਵਨ ਦਾ ਅਨਮੋਲ ਅੰਗ ਹਨ ਅਤੇ ਅੱਖਾਂ ਦੀ ਸਮੇਂ-ਸਿਰ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਜ ਸੇਵੀ ਉਪਰਾਲਿਆਂ ਦਾ ਮੁੱਖ ਮਕਸਦ ਲੋੜਵੰਦ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ, ਤਾਂ ਜੋ ਕੋਈ ਵੀ ਵਿਅਕਤੀ ਇਲਾਜ ਦੀ ਘਾਟ ਕਾਰਨ ਆਪਣੀ ਨਜ਼ਰ ਤੋਂ ਵਾਂਝਾ ਨਾ ਰਹੇ।

ਉਨ੍ਹਾਂ ਇਲਾਕਾ ਨਿਵਾਸੀਆਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਫ਼ਤ ਅੱਖਾਂ ਦੇ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਪਰਿਵਾਰਕ ਮੈਂਬਰਾਂ, ਬਜ਼ੁਰਗਾਂ ਅਤੇ ਲੋੜਵੰਦ ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਭਲਾਈ ਦੇ ਕਾਰਜਾਂ ਨੂੰ ਸਫਲ ਬਣਾਉਣ ਲਈ ਇਲਾਕਾ ਨਿਵਾਸੀਆਂ ਦਾ ਸਹਿਯੋਗ ਬਹੁਤ ਮਹੱਤਵਪੂਰਨ ਹੈ।