ਧਰਮਕੋਟ ,15 ਮਈ(ਹਰਦੀਪ ਸਿੰਘ)
ਨਗਰ ਪੰਚਾਇਤ ਕੋਟ ਈਸੇ ਖਾਂ ਦੀ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੇ ਅੱਜ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਪਾਰਟੀ ਵਲੋਂ ਇਨ੍ਹਾਂ ਨਗਰ ਪੰਚਾਇਤ ਚੋਣਾਂ ਵਿੱਚ ਹਿੱਸਾ ਲੈ ਰਹੇ ਸਾਰੇ 13 ਉਮੀਦਵਾਰਾਂ ਅਤੇ ਉਨ੍ਹਾਂ ਦੇ ਵੱਡੀ ਗਿਣਤੀ ਸਮੱਰਥਕਾਂ ਨਾਲ ਵਿਧਾਇਕ ਢੋਸ ਇੱਥੇ ਐਸਡੀਐਮ ਦਫ਼ਤਰ ਪੁੱਜੇ ਅਤੇ ਸਾਰੇ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਏ।ਇਸ ਮੌਕੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਵਿਧਾਇਕ ਢੋਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਹ ਚੋਣਾਂ ਵਿਕਾਸ ਕਾਰਜਾਂ ਦੇ ਏਜੰਡੇ ਨਾਲ ਲੜੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਮੁਕੰਮਲ ਹੋ ਚੁੱਕੇ ਚਾਰ ਸਾਲਾਂ ਰਾਜਕਾਲ ਦੌਰਾਨ ਸੂਬੇ ਦੇ ਸਰਬਪੱਖੀ ਵਿਕਾਸ ਵੱਲ ਧਿਆਨ ਦਿੱਤਾ ਹੈ। ਵਿਧਾਇਕ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਵਿਕਾਸ ਸ਼ਬਦ ਨੇੜੇ ਦੀ ਵੀ ਨਹੀਂ ਲੰਘਿਆ ਸੀ ਇਸ ਲਈ ਪੰਜਾਬ ਹਰੇਕ ਪੱਖ ਤੋਂ ਪੱਛੜ ਚੁੱਕਿਆ ਸੀ।ਆਮ ਆਦਮੀ ਪਾਰਟੀ ਨੇ ਆਪਣੇ ਚੋਣ ਵਾਅਦੇ ਮੁਤਾਬਕ ਪੂਰੀ ਸੂਝਬੂਝ ਨਾਲ ਪੰਜਾਬ ਨੂੰ ਵਿਕਾਸ ਦੀ ਪੱਟੜੀ ਉੱਤੇ ਚਾੜ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਭ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਹਲਕਾ ਧਰਮਕੋਟ ਤੋਂ ਪੱਛੜਿਆ ਸ਼ਬਦ ਲਹਿ ਗਿਆ ਹੈ।ਪਿੰਡ ਪਿੰਡ ਅਧੁਨਿਕ ਪਾਰਕ, ਖੇਡ ਮੈਦਾਨ ਸਮੇਤ ਸਿਹਤ ਅਤੇ ਸਿੱਖਿਆ ਦਾ ਮਜ਼ਬੂਤ ਢਾਂਚੇ ਤਿਆਰ ਕਰਕੇ ਕਰਕੇ ਮਾਡਲ ਪਿੰਡ ਵਿਕਸਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਹਿਰਾਂ ਦਾ ਪਾਣੀ ਹਰੇਕ ਖੇਤ ਤੱਕ ਪੁੱਜਣ ਲੱਗਾ ਹੈ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦੀਆਂ ਇਹ ਚੋਣਾਂ ਵਿੱਚ ਪਾਰਟੀ ਸ਼ਾਨਦਾਰ ਜਿੱਤ ਦਰਜ ਕਰਵਾਏਗੀ।