ਮੋਗਾ, 30 ਜੂਨ ( ਜਸ਼ਨ ):
ਸ਼੍ਰੋਮਣੀ ਅਕਾਲੀ ਦਲ ਦੇ ਵਫਦ ਵਿਚ ਕੈਨੇਡਾ ਆਏ ਮੱਖਣ ਬਰਾੜ ਵਲੋਂ ਭਾਰਤੀ ਭਾਈਚਾਰੇ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹੈ ਇਸ ਸੰਦਰਭ ਵਿੱਚ, ਕੈਨੇਡਾ ਦੇ ਬਰੈਂਪਟਨ ਵਿੱਚ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਸਨਮਾਨ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਦੀ ਮੇਜ਼ਬਾਨੀ ਪ੍ਰਸਿੱਧ ਕੈਨੇਡੀਅਨ ਕਾਰੋਬਾਰੀ ਅਤੇ ਸਮਾਜਿਕ ਕਾਰਕੁਨ ਦਲਜੀਤ ਸਿੰਘ ਗੈਦੂ ਨੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਕੀਤੀ। ਇਸ ਮੌਕੇ ਸੀਨੀਅਰ ਅਕਾਲੀ ਦਲ ਆਗੂ ਨਸੀਬ ਸਿੰਘ ਸੰਧੂਆਂਵਾਲਾ ਵੀ ਮੌਜੂਦ ਸਨ।
ਇਸ ਮੌਕੇ ਕਈ ਪ੍ਰਮੁੱਖ ਅਕਾਲੀ ਆਗੂ ਸ਼ਾਮਲ ਹੋਏ ਖਾਸਕਰ ਬਰੈਂਪਟਨ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੀਟਿੰਗ ਵਿੱਚ ਸ਼ਾਮਲ ਹੋਏ।
ਇਸ ਮੌਕੇ ਪੂਰਨ ਸਿੰਘ ਪਾਂਧੀ, ਜਸਬੀਰ ਸਿੰਘ, ਇੰਦਰਜੀਤ ਸਿੰਘ ਗੈਦੂ , ਹਰਦਿਆਲ ਸਿੰਘ ਝੀਤਾਂ , ਕਰਨਲ ਸਿੰਘ, ਇੰਦਰਪਾਲ ਸਿੰਘ ਗੈਦੂ, ਸਤਬੀਰ ਸਿੰਘ ਗੈਦੂ, ਹਰੀ ਸਿੰਘ ਮਾਨਸਾ, ਦਿਲਬਾਗ ਸਿੰਘ, ਸਤਨਾਮ ਸਿੰਘ ਗੈਦੂ, ਕਰਮਜੀਤ ਸਿੰਘ ਬਡੂਵਾਲ ,ਸੁਖਦੇਵ ਸਿੰਘ ਕੋਕਰੀ ਅਤੇ ਹਰਚੰਦ ਸਿੰਘ ਢਿੱਲੋਂ ਸਮੇਤ ਕਈ ਪਤਵੰਤੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੀਟਿੰਗ ਵਿੱਚ ਚਰਚਾ ਦਾ ਮੁੱਖ ਵਿਸ਼ਾ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਨ। ਬੁਲਾਰਿਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਕੈਨੇਡਾ ਵਿੱਚ ਰਹਿੰਦਾ ਪੰਜਾਬੀ ਭਾਈਚਾਰਾ 2027 ਦੀਆਂ ਚੋਣਾਂ ਵਿੱਚ ਪਾਰਟੀ ਲਈ ਮੁੱਖ ਭੂਮਿਕਾ ਨਿਭਾਏਗਾ।
ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤਹਿਤ ਆਰਥਿਕ ਸਥਿਤੀ ਬਹੁਤ ਮਾੜੀ ਹੈ, ਅਤੇ ਸਰਕਾਰ ਕਰਜ਼ਿਆਂ 'ਤੇ ਸੂਬੇ ਨੂੰ ਚਲਾ ਰਹੀ ਹੈ। ਉਹਨਾਂ ਕਿਹਾ ਹੁਣ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚਾਹੁੰਦੇ ਹਨ ਕਿਉਂਕਿ ਪੰਜਾਬ ਵਿੱਚ ਜੋ ਵੀ ਵਿਕਾਸ ਹੋਇਆ ਹੈ ਉਹ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਹੋਇਆ ਹੈ।
ਪ੍ਰੋਗਰਾਮ ਦੇ ਅੰਤ ਵਿੱਚ, ਦਲਜੀਤ ਸਿੰਘ ਗੈਦੂ ਅਤੇ ਨਸੀਬ ਸਿੰਘ ਸੰਧੂਆਂਵਾਲਾ ਨੇ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਉਨ੍ਹਾਂ ਦੇ ਪੂਰੇ ਵਫ਼ਦ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਬਰੈਂਪਟਨ ਵਿੱਚ ਰਹਿੰਦੇ ਆਪਣੇ ਪੰਜਾਬੀ ਭਰਾਵਾਂ ਤੋਂ ਮਿਲੇ ਸਤਿਕਾਰ ਅਤੇ ਪਿਆਰ ਲਈ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ।

ਕੈਨੇਡੀਅਨ ਕਾਰੋਬਾਰੀ ਅਤੇ ਸਮਾਜਿਕ ਕਾਰਕੁਨ ਦਲਜੀਤ ਸਿੰਘ ਗੈਦੂ

ਕੈਨੇਡੀਅਨ ਕਾਰੋਬਾਰੀ ਅਤੇ ਸਮਾਜਿਕ ਕਾਰਕੁਨ ਦਲਜੀਤ ਸਿੰਘ ਗੈਦੂ ਨੇ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੋਂ ਬਾਹਰ ਵਸਦੇ ਪ੍ਰਵਾਸੀ ਪੰਜਾਬੀਆਂ ਦਾ ਦਿਲ ਹਮੇਸ਼ਾ ਪੰਜਾਬ ਲਈ ਧੜਕਦਾ ਹੈ ਅਤੇ ਆਪਣੀ ਮਿੱਟੀ ਦਾ ਮੋਹ ਹਮੇਸ਼ਾ ਉਹਨਾਂ ਨੂੰ ਪੰਜਾਬ ਦੀ ਬੇਹਤਰੀ ਲਈ ਪ੍ਰੇਰਦਾ ਰਹਿੰਦਾ ਹੈ।