ਧਰਮਕੋਟ, 1 ਅਕਤੂਬਰ (ਜਸ਼ਨ )ਪੰਜਾਬ ਦੀ ਸਿਆਸਤ ਵਿਚ ਪੰਥਕ ਸੋਚ ਨੂੰ ਮੁੜ ਸੁਰਜੀਤ ਕਰਨ ਅਤੇ ਕੌਮੀ ਮੁੱਦਿਆਂ ਤੇ ਫੈਸਲਾਕੁੰਨ ਆਵਾਜ਼ ਬੁਲੰਦ ਕਰਨ ਦੇ ਮਕਸਦ ਨਾਲ ਇੱਕ ਅਕਤੂਬਰ ਨੂੰ ਕੋਟ ਈਸੇ ਖਾਂ ਦੀ ਪਵਿੱਤਰ ਧਰਤੀ ਤੇ ਹੋਣ ਜਾ ਰਹੀ ਵਿਸ਼ਾਲ ਪੰਥਕ ਕਾਨਫਰੰਸ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਸਰਗਰਮੀਆਂ ਨੂੰ ਬਹੁਤ ਹੀ ਤੇਜ਼ ਕਰ ਦਿੱਤਾ ਗਿਆ ਹੈ। ਇਸ ਇਤਿਹਾਸਿਕ ਕਾਨਫਰੰਸ ਨੂੰ ਸਫਲ ਬਣਾਉਣ ਲਈ ਪਾਰਟੀ ਦਾ ਹਰ ਇੱਕ ਵਰਕਰ ਦਿਨ-ਰਾਤ ਇੱਕ ਕਰਕੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਪ੍ਰਚਾਰ ਦੀ ਮੁਹਿੰਮ ਵਿੱਚ ਜੁੱਟਿਆ ਹੋਇਆ ਹੈ। ਇਸ ਪੰਥਕ ਕਾਨਫਰੰਸ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਜੁਝਾਰੂ ਅਤੇ ਮਿਹਨਤੀ ਆਗੂ ਸਾਹਿਬ ਸਿੰਘ ਵਿਰਕ ਵੱਲੋਂ ਲਗਾਤਾਰ ਤੂਫਾਨੀ ਦੌਰੇ ਕੀਤੇ ਜਾ ਰਹੇ ਹਨ। ਉਹ ਨਾ ਕੇਵਲ ਆਪਣੇ ਹਲਕੇ ਵਿੱਚ ਸਗੋਂ ਪੂਰੇ ਪੰਜਾਬ ਵਿੱਚ ਇਸ ਕਾਨਫਰੰਸ ਦਾ ਸੁਨੇਹਾ ਘਰ-ਘਰ ਪਹੁੰਚਾ ਰਹੇ ਹਨ। ਇਸੇ ਲੜੀ ਤਹਿਤ ਸਾਹਿਬ ਸਿੰਘ ਵਿਰਕ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਵਫਦ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਸਰਪ੍ਰਸਤ ਅਤੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਬਾਪੂ ਤਰਸੇਮ ਸਿੰਘ ਜੀ ਨਾਲ ਉਨ੍ਹਾਂ ਦੀ ਰਿਹਾਇਸ਼ ਤੇ ਅਹਿਮ ਅਤੇ ਭਾਵੁਕ ਮੁਲਾਕਾਤ ਕੀਤੀ। ਇਸ ਵਿਸ਼ੇਸ਼ ਮੁਲਾਕਾਤ ਦੌਰਾਨ ਸਾਹਿਬ ਸਿੰਘ ਵਿਰਕ ਦੀ ਟੀਮ ਵੱਲੋਂ ਬਾਪੂ ਤਰਸੇਮ ਸਿੰਘ ਜੀ ਨੂੰ ਇੱਕ ਅਕਤੂਬਰ ਦੀ ਪੰਥਕ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਨਿੱਘਾ ਅਤੇ ਪਿਆਰ ਭਰਿਆ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਪਾਰਟੀ ਆਗੂਆਂ ਵੱਲੋਂ ਪੰਥਕ ਕਾਨਫਰੰਸ ਦਾ ਅਧਿਕਾਰਤ ਸੱਦਾ ਕਾਰਡ ਵੀ ਜਾਰੀ ਕੀਤਾ ਗਿਆ। ਜਾਣਕਾਰੀ ਅਨੁਸਾਰ ਬਾਪੂ ਤਰਸੇਮ ਸਿੰਘ ਜੀ ਨੇ ਇਸ ਸੱਦੇ ਨੂੰ ਬੜੇ ਸਤਿਕਾਰ ਨਾਲ ਪ੍ਰਵਾਨ ਕਰਦਿਆਂ ਆਪਣਾ ਪੂਰਨ ਅਸ਼ੀਰਵਾਦ ਦਿੱਤਾ ਅਤੇ ਵਿਸ਼ਵਾਸ ਦਿਵਾਇਆ ਕਿ ਇਸ ਪੰਥਕ ਇਕੱਠ ਨੂੰ ਇਤਿਹਾਸਿਕ ਅਤੇ ਸਫਲ ਬਣਾਉਣ ਲਈ ਉਨ੍ਹਾਂ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਹ ਕਾਨਫਰੰਸ ਪੰਥ ਨੂੰ ਇੱਕ ਨਵੀਂ ਦਿਸ਼ਾ ਅਤੇ ਸੋਚ ਪ੍ਰਦਾਨ ਕਰੇਗੀ। ਅੰਤ ਵਿੱਚ ਉਨ੍ਹਾਂ ਸਮੂਹ ਪੰਥ ਦਰਦੀ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਨੌਜਵਾਨ ਵਰਕਰਾਂ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਰ ਵਰਕਰ ਨੂੰ ਦਿਲੋਂ ਅਪੀਲ ਕੀਤੀ ਕਿ ਉਹ ਇੱਕ ਅਕਤੂਬਰ ਨੂੰ ਕੋਟ ਈਸੇ ਖਾਂ ਵਿਖੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਪੰਥਕ ਕਾਨਫਰੰਸ ਨੂੰ ਕਾਮਯਾਬ ਬਣਾਉਣ ਅਤੇ ਪੰਥਕ ਏਕਤਾ ਦਾ ਸਬੂਤ ਦੇਣ।

ਪੰਥਕ ਕਾਨਫਰੰਸ ਨੂੰ ਲੈ ਕੇ ਪ੍ਰਚਾਰ ਕਰਦੇ ਹੋਏ ਸਾਹਿਬ ਸਿੰਘ ਵਿਰਕ