ਕੋਟ ਈਸੇ ਖਾਂ, 1 ਅਕਤੂਬਰ (ਜਸ਼ਨ ) ਅਕਾਲੀ ਦਲ ਵਾਰਸ ਪੰਜਾਬ ਨੇ ਅੱਜ ਮਾਲਵੇ ਦੀ ਧਰਤੀ ਕੋਟ ਈਸੇ ਖਾਂ ਵਿਖੇ ਸਿਆਸੀ ਤਾਕਤ ਦਾ ਵੱਡਾ ਪ੍ਰਦਰਸ਼ਨ ਕੀਤਾ । ਕੋਟ ਈਸੇ ਖਾਂ ਵਿਖੇ ਕਰਵਾਈ ਗਈ ਵਿਸ਼ਾਲ ਰੈਲੀ ਵਿਚ ਭਰਵਾਂ ਇਕੱਠ ਇਸ ਗੱਲ ਦਾ ਪ੍ਰਤੱਖ ਸਬੂਤ ਸੀ ਕਿ ਪੰਜਾਬ ਦੇ ਲੋਕ, ਖਾਸ ਕਰਕੇ ਨੌਜਵਾਨ, ਹੁਣ ਨਵੀਂ ਸੋਚ ਅਤੇ ਪੰਥਕ ਵਿਚਾਰਧਾਰਾ ਨਾਲ ਜੁੜਨ ਲਈ ਤਿਆਰ ਹਨ। ਇਹ ਇਤਿਹਾਸਕ ਇਕੱਠ ਹਲਕੇ ਦੇ ਉੱਭਰਦੇ ਨੌਜਵਾਨ ਆਗੂ ਸਾਹਿਬ ਸਿੰਘ ਵਿਰਕ ਦੀ ਦਿਨ-ਰਾਤ ਦੀ ਅਣਥੱਕ ਮਿਹਨਤ ਦਾ ਨਤੀਜਾ ਸੀ। ਥੋੜ੍ਹੇ ਸਮੇਂ ਵਿਚ ਹੀ ਵਿਰਕ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਜੋ ਨਿੱਘਾ ਸੰਪਰਕ ਕਾਇਮ ਕੀਤਾ, ਅੱਜ ਉਹੀ ਸੰਪਰਕ ਵਿਸ਼ਾਲ ਜਨ-ਸਮੂਹ ਦੇ ਰੂਪ ਵਿਚ ਪੈਲਸ ਵਿਚ ਗੂੰਜ ਰਿਹਾ ਸੀ। ਰੈਲੀ ਵਿਚ ਪਾਰਟੀ ਦੇ ਸਰਪ੍ਰਸਤ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਦਾ ਸੰਗਤਾਂ ਨੇ ਜ਼ੋਰਦਾਰ ਸਵਾਗਤ ਕੀਤਾ। ਇਸ ਤੋਂ ਇਲਾਵਾ ਉੱਘੇ ਪੰਥਕ ਆਗੂ ਮਨਪ੍ਰੀਤ ਸਿੰਘ ਇਆਲੀ, ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ, ਸੰਦੀਪ ਸਿੰਘ ਖਾਲਸਾ ਸਮੇਤ ਪਾਰਟੀ ਦੇ ਜ਼ਿਲ੍ਹਾ ਤੇ ਹਲਕਾ ਪੱਧਰ ਦੇ ਦਰਜਨਾਂ ਆਗੂ ਅਤੇ ਸੈਂਕੜੇ ਵਰਕਰਾਂ ਨੇ ਸ਼ਮੂਲੀਅਤ ਕਰਕੇ ਰੈਲੀ ਨੂੰ ਸਫਲ ਬਣਾਇਆ। ਰੈਲੀ ਨੂੰ ਸੰਬੋਧਨ ਕਰਦਿਆਂ ਸਾਰੇ ਹੀ ਆਗੂਆਂ ਨੇ ਇੱਕ ਸੁਰ ਵਿਚ ਸਾਹਿਬ ਸਿੰਘ ਵਿਰਕ ਦੀ ਕਾਰਜਸ਼ੈਲੀ ਦੀ ਭਰਪੂਰ ਸ਼ਲਾਘਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਅੱਜ ਪੰਜਾਬ ਨੂੰ ਬੋਲਣ ਵਾਲੇ ਨਹੀਂ, ਸਗੋਂ ਲੋਕਾਂ ਦੇ ਦੁੱਖ-ਸੁੱਖ ਨੂੰ ਸਮਝਣ ਵਾਲੇ ਇਮਾਨਦਾਰ ਨੌਜਵਾਨਾਂ ਦੀ ਲੋੜ ਹੈ। ਸਾਹਿਬ ਸਿੰਘ ਵਿਰਕ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਦੋਂ ਕੋਈ ਨੌਜਵਾਨ ਲਗਨ, ਇਮਾਨਦਾਰੀ ਅਤੇ ਪੰਜਾਬੀਅਤ ਦੇ ਜਜ਼ਬੇ ਨਾਲ ਮੈਦਾਨ ਵਿਚ ਨਿੱਤਰਦਾ ਹੈ ਤਾਂ ਲੋਕ ਆਪ ਮੁਹਾਰੇ ਉਸ ਦੇ ਨਾਲ ਖੜ੍ਹ ਜਾਂਦੇ ਹਨ। ਇਹ ਇਕੱਠ ਕਿਸੇ ਵਿਅਕਤੀ ਦਾ ਨਹੀਂ, ਸਗੋਂ ਪੰਜਾਬ ਦੀ ਬਦਲਾਅ ਦੀ ਸੋਚ ਦਾ ਇਕੱਠ ਹੈ। ਬੁਲਾਰਿਆਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਸਿਰਫ ਇੱਕ ਸਿਆਸੀ ਪਾਰਟੀ ਨਹੀਂ, ਸਗੋਂ ਪੰਜਾਬ ਦੇ ਹੱਕਾਂ, ਪਾਣੀਆਂ, ਨੌਜਵਾਨਾਂ ਦੇ ਭਵਿੱਖ ਅਤੇ ਕਿਸਾਨੀ-ਮਜ਼ਦੂਰ ਵਰਗ ਦੀ ਆਵਾਜ਼ ਹੈ। ਪਾਰਟੀ ਪਿੰਡ ਪੱਧਰ ਤੋਂ ਲੈ ਕੇ ਹਲਕਾ ਪੱਧਰ ਤੱਕ ਆਪਣਾ ਸੰਪਰਕ ਹੋਰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਅਤੇ ਬੇਰੁਜ਼ਗਾਰੀ ਵਰਗੇ ਗੰਭੀਰ ਮੁੱਦਿਆਂ ਵਿਰੁੱਧ ਪਾਰਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਦੀ ਸਿਆਸਤ ਵਿਚ ਵੱਡੀ ਤਬਦੀਲੀ ਦੇ ਭਾਗੀਦਾਰ ਬਣਨ। ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਵੀ ਘੇਰਦਿਆਂ ਕਿਹਾ ਕਿ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਰਿਹਾ ਹੈ। ਸਮਾਂ ਆ ਗਿਆ ਹੈ ਕਿ ਲੋਕ ਆਪਣੇ ਹੱਕਾਂ ਲਈ ਜਾਗਰੂਕ ਹੋਣ ਅਤੇ ਆਪਣੀ ਆਵਾਜ਼ ਬੁਲੰਦ ਕਰਨ। ਆਗੂਆਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਹਲਕਾ ਧਰਮਕੋਟ ਸਮੇਤ ਪੂਰੇ ਪੰਜਾਬ ਵਿਚ ਅਜਿਹੀਆਂ ਹੋਰ ਵੀ ਵੱਡੀਆਂ ਜਨਤਕ ਸਰਗਰਮੀਆਂ ਕੀਤੀਆਂ ਜਾਣਗੀਆਂ। ਅੰਤ ਵਿਚ ਪੂਰਾ ਪੰਡਾਲ ਪਾਰਟੀ ਦੇ ਹੱਕ ਵਿਚ ਲੱਗੇ ਗਗਨਭੇਦੀ ਨਾਅਰਿਆਂ ਨਾਲ ਗੂੰਜ ਉੱਠਿਆ। ਇਸ ਰੈਲੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਕਾਲੀ ਦਲ ਵਾਰਸ ਪੰਜਾਬ ਨੇ ਧਰਮਕੋਟ ਹਲਕੇ ਵਿਚ ਆਪਣੀਆਂ ਜੜ੍ਹਾਂ ਡੂੰਘੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਕੋਟ ਈਸੇ ਖਾਂ ਵਿਖੇ ਅਕਾਲੀ ਦਲ ਵਾਰਸ ਪੰਜਾਬ ਦੀ ਵਿਸ਼ਾਲ ਰੈਲੀ ਦੌਰਾਨ ਬਾਪੂ ਤਰਸੇਮ ਸਿੰਘ, ਮਨਪ੍ਰੀਤ ਸਿੰਘ ਇਆਲੀ, ਸਾਹਿਬ ਸਿੰਘ ਵਿਰਕ ਅਤੇ ਹੋਰ ਆਗੂ।