ਮੋਗਾ ,19 ਜੁਲਾਈ (ਹਰਦੀਪ ਸਿੰਘ )ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ ਕੋਟ ਈਸੇ ਖ਼ਾਂ ਵਿਖੇ ਪੰਥਕ ਇਕੱਠ ਕੀਤਾ ਗਿਆ। ਇਸ ਪੰਥਕ ਇਕੱਠ ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਪਾਰਟੀ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਫ਼ਰੀਦਕੋਟ ਤੋਂ ਸੰਸਦ ਮੈਂਬਰ, ਸਰਬਜੀਤ ਸਿੰਘ ਖ਼ਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ,ਯੂਥ ਵਿੰਗ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ ਅਤੇ ਆਮ ਆਦਮੀ ਪਾਰਟੀ (ਆਪ) ਛੱਡ ਕੇ 'ਵਾਰਿਸ ਪੰਜਾਬ ਦੇ' ਵਿਚ ਸ਼ਾਮਲ ਹੋਏ ਜਸਵਿੰਦਰ ਸਿੰਘ ਸਿੱਧੂ ਸ਼ਾਮਿਲ ਸਨ । ਇਨ੍ਹਾਂ ਤੋਂ ਇਲਾਵਾ ਰਸ਼ਪਾਲ ਸਿੰਘ ਸ਼ੋਸ਼ਣ ਸਮੇਤ ਹਲਕੇ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸੰਦੀਪ ਸਿੰਘ ਮੌਜਗੜ੍ਹ, ਹਰਜਿੰਦਰ ਸਿੰਘ ਬਾਜੇਕੇ, ਕਰਮਜੀਤ ਸਿੰਘ ਰਸੂਲਪੁਰ, ਦਵਿੰਦਰ ਸਿੰਘ ਭੌਇਪੁਰ, ਗੁਰਸੇਵਕ ਸਿੰਘ ਡਰੋਲੀ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਿੱਖ ਕੌਮ ਨਾਲ ਕੀਤੇ ਜਾਂਦੇ ਰਹੇ ਵਖਰੇਵਿਆਂ (ਵਿਤਕਰਿਆਂ) ਸਦਕਾ ਕੌਮ ਅੰਦਰ ਦੇਸ਼ ਪ੍ਰਤੀ ਬੇਗਾਨਗੀ ਦੀ ਭਾਵਨਾ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੇਸ਼ ਇਸ ਹਕੀਕਤ ਨੂੰ ਕਬੂਲ ਨਹੀਂ ਕਰ ਲੈਂਦਾ ਕਿ ਸਿੱਖ ਇੱਕ ਵੱਖਰੀ ਕੌਮ ਹੈ, ਉਦੋਂ ਤੱਕ ਪੈਦਾ ਹੋਏ ਵਖਰੇਵੇਂ ਘੱਟ ਕਰਨ ਵਿੱਚ ਸਫ਼ਲਤਾ ਪ੍ਰਾਪਤ ਨਹੀਂ ਹੋ ਸਕੇਗੀ।
ਹਾਕਮਾਂ ਨੇ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਦੇ ਵੱਡੇ ਯੋਗਦਾਨ ਨੂੰ ਭੁਲਾ ਕੇ ਕੌਮ ਨੂੰ ਪੈਰ-ਪੈਰ ’ਤੇ ਜ਼ਲਾਲਤ ਦਿੱਤੀ ਅਤੇ ਪੰਜਾਬ ਦੇ ਅਨੇਕਾਂ ਟੁਕੜੇ ਕਰਕੇ ਇਸ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਹਮੇਸ਼ਾ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਦੇ ਮੁਦਈ ਰਹੇ ਹਨ, ਲੇਕਿਨ ਆਪਣੇ ਹੱਕਾਂ ਲਈ ਸੰਘਰਸ਼ ਅਤੇ ਕੁਰਬਾਨੀਆਂ ਕਰਨਾ ਉਨ੍ਹਾਂ ਦੇ ਖ਼ੂਨ ਵਿੱਚ ਸ਼ਾਮਲ ਹੈ।
ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਆਪਣੇ ਸੰਬੋਧਨ ਵਿੱਚ ਦਾਅਵਾ ਕੀਤਾ ਕਿ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪੰਜਾਬ ਅੰਦਰ ਪੰਥਕ ਸਰਕਾਰ ਦਾ ਗਠਨ ਪੂਰੀ ਤਰ੍ਹਾਂ ਤੈਅ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਵਿੱਚੋਂ ਨੌਜਵਾਨਾਂ ਦੇ ਪ੍ਰਵਾਸ (ਬਾਹਰ ਜਾਣ) ਨੂੰ ਰੋਕਣ, ਨਸ਼ਿਆਂ ਦੀ ਪੂਰੀ ਤਰ੍ਹਾਂ ਰੋਕਥਾਮ ਕਰਨ, ਪੰਜਾਬ ਦੇ ਪਾਣੀਆਂ ਦੀ ਹੋ ਰਹੀ ਲੁੱਟ ਨੂੰ ਠੱਲ੍ਹ ਪਾਉਣ ਸਮੇਤ ਸੂਬੇ ਵਿੱਚ ਅਮਨ-ਕਾਨੂੰਨ ਦਾ ਰਾਜ ਬਹਾਲ ਕਰਨਾ ਉਨ੍ਹਾਂ ਦੀ ਮੁੱਖ ਪਹਿਲ ਹੋਵੇਗੀ।
ਉਨ੍ਹਾਂ ਕਿਹਾ ਕਿ ਪਾਰਟੀ ਹਰ ਧਰਮ ਅਤੇ ਫਿਰਕੇ ਦੇ ਲੋਕਾਂ ਦਾ ਦਿਲੋਂ ਸਤਿਕਾਰ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅੰਮ੍ਰਿਤਪਾਲ ਸਿੰਘ ਸਮੇਤ ਜੇਲ੍ਹਾਂ ਵਿੱਚ ਬੰਦ ਸਾਰੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਯਕੀਨੀ ਬਣਾਈ ਜਾਵੇ। ਚਰਚਿਤ ਫ਼ਿਲਮ 'ਸੱਤਲੁਜ' ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਲੈ ਕੇ ਬਣਾਈ ਗਈ ਇਹ ਫ਼ਿਲਮ ਪੰਜਾਬ ਵਿੱਚ ਵਾਪਰੇ ਦੁਖਾਂਤ ਦੇ ਸੱਚ ਦੇ ਬਿਲਕੁਲ ਨੇੜੇ ਹੈ।
ਸੰਘਰਸ਼ੀ ਆਗੂ ਜਸਵਿੰਦਰ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਲਕਾ ਧਰਮਕੋਟ ਦੇ ਲੋਕ ਅੰਮ੍ਰਿਤਪਾਲ ਸਿੰਘ ਦੀ ਸੋਚ ਅਤੇ ਵਿਚਾਰਧਾਰਾ ਮੁਤਾਬਕ ਪੰਥ ਅਤੇ ਪੰਜਾਬ ਦੀ ਸੇਵਾ ਲਈ ਪਾਰਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ।





