ਮੋਗਾ 10 ਜੁਲਾਈ ( ਬਿੱਟੂ ਗਰੋਵਰ)
ਸਥਾਨਕ ਕਸਬਾ ਅਜੀਤਵਾਲ ਤੋਂ ਪਿੰਡ ਚੂਹੜ ਚੱਕ ਨੂੰ ਜਾਂਦੀ ਸੜਕ ਪਿਛਲੇ ਕਰੀਬ ਪੰਜ ਸਾਲਾਂ ਤੋਂ ਪ੍ਰੀਮਿਕਸ ਦੀ ਉਡੀਕ ਕਰ ਰਹੀ ਹੈ। ਸੜਕ ਦੀ ਖਸਤਾ ਹਾਲਤ ਕਾਰਨ ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਹਜ਼ਾਰਾਂ ਰਾਹਗੀਰਾਂ, ਵਿਦਿਆਰਥੀਆਂ, ਕਿਸਾਨਾਂ ਅਤੇ ਵਪਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਭਰੋਸੇ ਮਿਲੇ, ਕੰਮ ਸ਼ੁਰੂ ਹੋਣ ਦੇ ਐਲਾਨ ਵੀ ਹੋਏ, ਪਰ ਅੱਜ ਤੱਕ ਸੜਕ ਦੀ ਕਿਸਮਤ ਨਹੀਂ ਬਦਲੀ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਸੜਕ 'ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਆਗਾਜ਼ ਕਰਨ ਲਈ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਇੱਕ ਵਾਰ ਸ਼ੁਰੂਆਤ ਵੀ ਕੀਤੀ ਗਈ ਸੀ। ਉਸ ਸਮੇਂ ਲੋਕਾਂ ਨੂੰ ਉਮੀਦ ਜਗੀ ਸੀ ਕਿ ਹੁਣ ਸੜਕ ਦੀ ਮੁਰੰਮਤ ਹੋ ਜਾਵੇਗੀ, ਪਰ ਕੁਝ ਦਿਨਾਂ ਬਾਅਦ ਕੰਮ ਰੁਕ ਗਿਆ ਅਤੇ ਅੱਜ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ "ਪਰਨਾਲਾ ਉੱਥੇ ਦਾ ਉੱਥੇ ਹੀ" ਹੈ ਅਤੇ ਸੜਕ ਅਜੇ ਵੀ ਆਪਣੀ ਮਾੜੀ ਹਾਲਤ 'ਤੇ ਹੰਝੂ ਵਹਾ ਰਹੀ ਹੈ।
ਰਾਹਗੀਰਾਂ ਨੇ ਦੱਸਿਆ ਕਿ ਪ੍ਰੀਮਿਕਸ ਤੋਂ ਪਹਿਲਾਂ ਸੜਕ 'ਤੇ ਪਾਇਆ ਗਿਆ ਪੱਥਰ ਹੁਣ ਲੋਕਾਂ ਲਈ ਵੱਡੀ ਮੁਸੀਬਤ ਬਣ ਗਿਆ ਹੈ। ਸੜਕ 'ਤੇ ਪਿਆ ਖੁਰਦਰਾ ਮਾਲ ਅਤੇ ਨੁਕੀਲੇ ਪੱਥਰਾਂ ਕਾਰਨ ਹਰ ਰੋਜ਼ ਲੰਘਣ ਵਾਲੀਆਂ ਕਾਰਾਂ, ਮੋਟਰਸਾਈਕਲਾਂ, ਆਟੋ ਅਤੇ ਹੋਰ ਵਾਹਨਾਂ ਦੇ ਟਾਇਰ ਪੰਕਚਰ ਹੋ ਰਹੇ ਹਨ। ਇਸ ਕਾਰਨ ਲੋਕਾਂ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਸਮੇਂ ਦੀ ਵੀ ਬਰਬਾਦੀ ਝੱਲਣੀ ਪੈ ਰਹੀ ਹੈ।
ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਸੜਕ ਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ। ਥਾਂ-ਥਾਂ ਬਣੇ ਖੱਡੇ ਅਤੇ ਉਖੜੀ ਹੋਈ ਸਤ੍ਹਾ ਕਾਰਨ ਦੋਪਹੀਆ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ। ਰਾਤ ਸਮੇਂ ਇਹ ਰਸਤਾ ਹੋਰ ਵੀ ਖਤਰਨਾਕ ਹੋ ਜਾਂਦਾ ਹੈ ਕਿਉਂਕਿ ਖੱਡਿਆਂ ਅਤੇ ਪੱਥਰਾਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸੜਕ ਅਜੀਤਵਾਲ ਅਤੇ ਚੂਹੜ ਚੱਕ ਦੇ ਨਾਲ-ਨਾਲ ਆਲੇ-ਦੁਆਲੇ ਦੇ ਕਈ ਪਿੰਡਾਂ ਲਈ ਵੀ ਅਹਿਮ ਸੰਪਰਕ ਮਾਰਗ ਹੈ। ਰੋਜ਼ਾਨਾ ਸਕੂਲੀ ਵਿਦਿਆਰਥੀ, ਕਿਸਾਨ, ਦੁੱਧ ਉਤਪਾਦਕ, ਮਜ਼ਦੂਰ ਅਤੇ ਹੋਰ ਰਾਹਗੀਰ ਇਸ ਸੜਕ ਰਾਹੀਂ ਆਵਾਜਾਈ ਕਰਦੇ ਹਨ, ਪਰ ਸੜਕ ਦੀ ਖਰਾਬ ਹਾਲਤ ਕਾਰਨ ਹਰ ਵਰਗ ਦੇ ਲੋਕ ਪ੍ਰੇਸ਼ਾਨ ਹਨ।
ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਪ੍ਰੀਮਿਕਸ ਦਾ ਕੰਮ ਸ਼ੁਰੂ ਹੋ ਕੇ ਵਿਚਕਾਰ ਹੀ ਰੁਕ ਗਿਆ ਸੀ ਤਾਂ ਇਸ ਦੇ ਕਾਰਨਾਂ ਬਾਰੇ ਵੀ ਪ੍ਰਸ਼ਾਸਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਜਲਦ ਤੋਂ ਜਲਦ ਅਧੂਰੇ ਕੰਮ ਨੂੰ ਮੁੜ ਸ਼ੁਰੂ ਕਰਕੇ ਪੂਰਾ ਕੀਤਾ ਜਾਣਾ ਚਾਹੀਦਾ ਹੈ।
ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਲੋਕਾਂ ਦੀ ਰੋਜ਼ਾਨਾ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਅਜੀਤਵਾਲ–ਚੂਹੜ ਚੱਕ ਸੜਕ 'ਤੇ ਪ੍ਰੀਮਿਕਸ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ, ਤਾਂ ਜੋ ਸਾਲਾਂ ਤੋਂ ਚੱਲ ਰਹੀ ਇਸ ਸਮੱਸਿਆ ਦਾ ਸਥਾਈ ਹੱਲ ਹੋ ਸਕੇ ਅਤੇ ਰਾਹਗੀਰਾਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਆਵਾਜਾਈ ਦੀ ਸਹੂਲਤ ਮਿਲ ਸਕੇ।





