ਫਲੈਸ਼ ਮੌਬ ਰਾਹੀਂ ਲੋਕਾਂ ਨੂੰ ਸਮੇਂ ਸਿਰ ਜਾਂਚ ਤੇ ਇਲਾਜ ਕਰਵਾਉਣ ਦਾ ਦਿੱਤਾ ਸੁਨੇਹਾ
ਤਰਨਤਾਰਨ (ਅਮਿਤ ਮਰਵਾਹਾ)
ਇੰਟੈਂਸੀਫਾਈਡ ਐੱਚ.ਆਈ.ਵੀ. ਜਾਗਰੂਕਤਾ ਮੁਹਿੰਮ ਤਹਿਤ ਸਿਵਲ ਸਰਜਨ ਤਰਨ ਤਾਰਨ ਦੀ ਅਗਵਾਈ ਹੇਠ ਪੱਟੀ ਵਿਖੇ ਐੱਚ.ਆਈ.ਵੀ./ਏਡਜ਼ ਸਬੰਧੀ ਜਾਗਰੂਕਤਾ ਰੈਲੀ ਅਤੇ ਫਲੈਸ਼ ਮੌਬ ਗਤੀਵਿਧੀ ਕਰਵਾਈ ਗਈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਪੱਟੀ, ਜ਼ਿਲ੍ਹਾ ਟੀ.ਬੀ. ਅਫ਼ਸਰ, ਜ਼ਿਲ੍ਹਾ ਏਡਜ਼ ਕੰਟਰੋਲ ਅਫ਼ਸਰ ਤਰਨ ਤਾਰਨ ਅਤੇ ਡੀ.ਏ.ਪੀ.ਸੀ.ਯੂ. ਸਮੇਤ ਆਈ.ਸੀ.ਟੀ.ਸੀ., ਟੀ.ਆਈ. ਤੇ ਓ.ਐੱਸ.ਟੀ. ਟੀਮਾਂ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਐੱਚ.ਆਈ.ਵੀ./ਏਡਜ਼ ਦੀ ਰੋਕਥਾਮ, ਸਮੇਂ ਸਿਰ ਜਾਂਚ ਅਤੇ ਇਲਾਜ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਇਸ ਦੇ ਨਾਲ ਹੀ ਬਿਮਾਰੀ ਨਾਲ ਪੀੜਤ ਲੋਕਾਂ ਪ੍ਰਤੀ ਸਮਾਜ ਵਿੱਚ ਫੈਲੇ ਕਲੰਕ ਅਤੇ ਵਿਤਕਰੇ ਨੂੰ ਦੂਰ ਕਰਨ ਦਾ ਸੁਨੇਹਾ ਵੀ ਦਿੱਤਾ ਗਿਆ।
ਕਾਲਜ ਤੋਂ ਸ਼ੁਰੂ ਹੋਈ ਜਾਗਰੂਕਤਾ ਰੈਲੀ ਬਾਜ਼ਾਰ ਵੱਲ ਗਈ। ਇਸ ਦੌਰਾਨ ਲੋਕਾਂ ਨੂੰ ਜਿਨਸੀ ਤੌਰ ’ਤੇ ਫੈਲਣ ਵਾਲੀਆਂ ਲਾਗਾਂ (ਐੱਸ.ਟੀ.ਆਈ.) ਅਤੇ ਹੈਪੇਟਾਈਟਸ ਬੀ ਤੇ ਸੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਫਲੈਸ਼ ਮੌਬ ਗਤੀਵਿਧੀ ਰਾਹੀਂ ਜਾਗਰੂਕਤਾ ਦਾ ਸੁਨੇਹਾ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਗਿਆ।
ਮੁਹਿੰਮ ਦੌਰਾਨ ਸਮੇਂ ਸਿਰ ਜਾਂਚ ਕਰਵਾਉਣ, ਲੋੜ ਪੈਣ ’ਤੇ ਢੁੱਕਵਾਂ ਇਲਾਜ ਲੈਣ ਅਤੇ ਸਿਹਤ ਸੇਵਾਵਾਂ ਦਾ ਲਾਭ ਉਠਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ। ਲੋਕਾਂ ਨੂੰ ਐੱਚ.ਆਈ.ਵੀ./ਏਡਜ਼ ਸਬੰਧੀ ਗ਼ਲਤ ਧਾਰਨਾਵਾਂ ਦੂਰ ਕਰਨ ਅਤੇ ਇਸ ਬਿਮਾਰੀ ਨਾਲ ਰਹਿ ਰਹੇ ਵਿਅਕਤੀਆਂ ਨਾਲ ਬਿਨਾਂ ਕਿਸੇ ਭੇਦਭਾਵ ਦੇ ਸਤਿਕਾਰਪੂਰਨ ਵਿਹਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਆਈ.ਸੀ.ਟੀ.ਸੀ., ਟੀ.ਆਈ. ਅਤੇ ਓ.ਐੱਸ.ਟੀ. ਟੀਮਾਂ ਦੇ ਮੈਂਬਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਵਿੱਚ ਯੋਗਦਾਨ ਪਾਇਆ। ਇਸ ਪਹਿਲਕਦਮੀ ਦਾ ਉਦੇਸ਼ ਜਨਤਕ ਜਾਗਰੂਕਤਾ ਨੂੰ ਮਜ਼ਬੂਤ ਕਰਨਾ, ਸਮੇਂ ਸਿਰ ਜਾਂਚ ਤੇ ਇਲਾਜ ਨੂੰ ਉਤਸ਼ਾਹਿਤ ਕਰਨਾ ਅਤੇ ਸਮਾਜ ਵਿੱਚ ਕਲੰਕ-ਮੁਕਤ ਤੇ ਸਹਿਯੋਗੀ ਮਾਹੌਲ ਸਿਰਜਣਾ ਸੀ।




