ਜਲੰਧਰ, 8 ਜੁਲਾਈ (ਕੁਲਵਿੰਦਰ ਸਿੰਘ ਭਟੋਆ )ਜਲੰਧਰ ਬਿਧੀਪੁਰ ਪੁਲ ਲਗੇ ਹੋਏ ਹਾਦਸੇ ਵਿਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਅਤੇ ਤਿੰਨ ਮਾਸੂਮ ਧੀਆਂ ਗੰਭੀਰ ਜ਼ਖਮੀ ਹੋ ਗਈਆਂ। ਮ੍ਰਿਤਕਾਂ ਦੀ ਪਛਾਣ ਲੁਧਿਆਣਾ ਦੇ ਬਿਲਾਸਪੁਰ ਪਿੰਡ ਦੇ ਰਹਿਣ ਵਾਲੇ ਸੁਰਿੰਦਰ ਸ਼ੁਕਲਾ, ਉਸਦੀ ਪਤਨੀ ਪ੍ਰਿਯੰਕਾ ਅਤੇ ਉਸਦੀ ਮਾਂ ਯਵੰਤੀ ਵਜੋਂ ਹੋਈ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਇਨੋਵਾ ਡਰਾਈਵਰ ਦੀ ਪਛਾਣ ਮੁਕੇਸ਼ ਚੋਪੜਾ ਵਜੋਂ ਕੀਤੀ ਹੈ , ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ। ਉਸ ਵਿਰੁੱਧ ਭਾਰਤੀ ਨਿਆਏ ਸੰਹਿਤਾ (ਬੀਐਨਐਸ) ਦੀ ਧਾਰਾ 106 (ਲਾਪਰਵਾਹੀ ਨਾਲ ਮੌਤ ਦਾ ਕਾਰਨ), 281 (ਲਾਪਰਵਾਹੀ ਨਾਲ ਗੱਡੀ ਚਲਾਉਣਾ), ਅਤੇ 125-ਏ (ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖ਼ਤਰਾ ਪੈਦਾ ਕਰਨਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

'ਇੰਟਰਨੈਸ਼ਨਲ ਪੰਜਾਬੀ ਨਿਊਜ਼' ਨੂੰ ਪ੍ਰਾਪਤ ਜਾਣਕਾਰੀ ਅਨੁਸਾਰ, ਸੁਰਿੰਦਰ ਸ਼ੁਕਲਾ ਆਪਣੇ ਪਰਿਵਾਰ ਨਾਲ ਬਿਆਸ ਵੱਲ ਇੱਕ ਸਵਿਫਟ ਕਾਰ ਵਿੱਚ ਜਾ ਰਿਹਾ ਸੀ। ਬਿਧੀਪੁਰ ਫਲਾਈਓਵਰ ਨੇੜੇ, ਇੱਕ ਹੋਰ ਇਨੋਵਾ ਕਾਰ ਕਥਿਤ ਤੌਰ 'ਤੇ ਗਲਤ ਸਾਈਡ ਤੋਂ ਤੇਜ਼ ਰਫ਼ਤਾਰ ਨਾਲ ਆਈ ਅਤੇ ਸਵਿਫਟ ਕਾਰ ਨੂੰ ਆਹਮੋ-ਸਾਹਮਣੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਵਿਫਟ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਸਾਰੇ ਸਵਾਰ ਜ਼ਖਮੀ ਹੋ ਗਏ। ਪਰਿਵਾਰ ਦਾ ਦੋਸ਼ ਹੈ ਕਿ ਇਨੋਵਾ ਡਰਾਈਵਰ ਜ਼ਖਮੀਆਂ ਦੀ ਮਦਦ ਕਰਨ ਦੀ ਬਜਾਏ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜ ਗਿਆ। ਪ੍ਰਿਯੰਕਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੰਭੀਰ ਜ਼ਖਮੀ ਸੁਰਿੰਦਰ ਸ਼ੁਕਲਾ ਵੀ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ, ਜਦੋਂ ਕਿ ਉਸਦੀ ਮਾਂ ਯਵੰਤੀ ਦੀ ਰਾਤ ਸਮੇਂ ਮੌਤ ਹੋ ਗਈ।
ਇਸ ਹਾਦਸੇ ਵਿੱਚ ਤਿੰਨ ਕੁੜੀਆਂ ਵੀ ਗੰਭੀਰ ਜ਼ਖਮੀ ਹੋ ਗਈਆਂ।ਤਿੰਨ ਧੀਆਂ ਵਿਚੋਂ 13 ਸਾਲਾ ਅੰਸ਼ਿਕਾ ਦੀਆਂ ਦੋਵੇਂ ਲੱਤਾਂ ਵਿੱਚ ਗੰਭੀਰ ਫ੍ਰੈਕਚਰ ਹੋਣ ਦੀ ਖ਼ਬਰ ਹੈ ਜਦਕਿ 8 ਸਾਲਾ ਅਰਪਿਤਾ ਅਤੇ 1 ਸਾਲਾ ਮਾਨਵੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਤਿੰਨੋਂ ਕੁੜੀਆਂ ਹਸਪਤਾਲ ਵਿੱਚ ਇਲਾਜ ਅਧੀਨ ਹਨ। ਪੁਲਿਸ ਨੇੜਲੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਦੀ ਸਮੀਖਿਆ ਕਰ ਰਹੀ ਹੈ ਅਤੇ ਇਨੋਵਾ ਕਾਰ ਅਤੇ ਇਸਦੇ ਡਰਾਈਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਹਾਦਸੇ 'ਤੇ ਇਲਾਕੇ ਵਿੱਚ ਸੋਗ ਹੈ। ਇਹ ਵੀ ਜ਼ਿਕਰਯੋਗ ਹੈ ਕਿ ਮਿਰਤਕ ਸੁਰਿੰਦਰ ਹੀ ਘਰ ਵਿਚ ਇਕੱਲਾ ਕਮਾਊ ਸੀ ਤੇ ਹੁਣ ਤਿੰਨਾਂ ਬਚੀਆਂ ਦੀ ਪਰਵਰਿਸ਼ ਸਵਾਲਾਂ ਦੇ ਘੇਰੇ ਵਿਚ ਹੈ।