ਮੋਗਾ, 16 ਅਗਸਤ (ਜਸ਼ਨ )-ਮੋਗਾ ਦੇ ਉੱਘੇ ਵਕੀਲ ਐਡਵੋਕੇਟ ਪ੍ਰਦੀਪ ਭਾਰਤੀ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਇਨ੍ਹੀਂ ਦਿਨੀਂ ਆਪਣੀ ਪੈਰੋਲ ਨੂੰ ਲੈ ਕੇ ਚਰਚਾ ਵਿਚ ਹਨ। ਉਕਤ ਹੱਤਿਆਕਾਂਡ ਵਿਚ ਅਦਾਲਤ ਵੱਲੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ, ਜਿਸ ਕਾਰਨ ਜਗਤਾਰ ਸਿੰਘ ਪਿਛਲੇ 31 ਸਾਲਾਂ ਤੋਂ ਜੇਲ੍ਹ ਵਿਚ ਬੰਦ ਹੈ। ਇਨ੍ਹੀਂ ਦਿਨੀਂ ਉਸ ਦੀ ਮਾਤਾ ਕਾਫੀ ਬਿਮਾਰ ਦੱਸੀ ਜਾ ਰਹੀ ਹੈ। ਇਸ ਕਾਰਨ ਉਸ ਨੂੰ ਕੁਝ ਦਿਨਾਂ ਦੀ ਪੈਰੋਲ ਦੇਣ ਸਬੰਧੀ ਰਾਜ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਡਵੋਕੇਟ ਪ੍ਰਦੀਪ ਭਾਰਤੀ ਨੇ ਕਿਹਾ ਕਿ ਫਿਲਹਾਲ ਰਾਜ ਸਰਕਾਰ ਨੇ ਆਪਣੀ ਜ਼ਿੰਮੇਵਾਰੀ ’ਤੇ ਹਵਾਰਾ ਨੂੰ 10 ਦਿਨਾਂ ਦੀ ਪੈਰੋਲ ਦੇਣ ਲਈ ਕੇਂਦਰ ਸਰਕਾਰ ਕੋਲ ਮੰਗ ਰੱਖੀ ਹੈ, ਕਿਉਂਕਿ ਹਵਾਰਾ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਪਤਾ ਨਹੀਂ ਕਿ ਕੇਂਦਰ ਸਰਕਾਰ ਰਾਜ ਸਰਕਾਰ ਦੀ ਮੰਗ ਨੂੰ ਮੰਨਦੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰਾਂ ਅਜਿਹੇ ਮਾਮਲਿਆਂ ਵਿੱਚ ਵੀ ਸਿਹਰਾ ਲੈਣ ਦੀ ਕੋਸ਼ਿਸ਼ ਕਰਦੀਆਂ ਹਨ, ਕਿਉਂਕਿ ਕੁਝ ਮਹੀਨਿਆਂ ਬਾਅਦ ਪੰਜਾਬ ਵਿਚ ਚੋਣਾਂ ਹੋਣ ਵਾਲੀਆਂ ਹਨ ਅਤੇ ਸਿਆਸੀ ਪਾਰਟੀਆਂ ਵੱਲੋਂ ਕਈ ਕੰਮ ਵੋਟਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਂਦੇ ਹਨ। ਐਡਵੋਕੇਟ ਭਾਰਤੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਨੂੰ ਇਸ ਮਾਮਲੇ ਵਿੱਚ ਸਿਹਰਾ ਲੈਣ ਦੀ ਬਜਾਏ ਸਿਰਫ਼ ਮਨੁੱਖਤਾ ਦੇ ਆਧਾਰ ’ਤੇ ਸੋਚਣਾ ਚਾਹੀਦਾ ਹੈ ਅਤੇ ਹਰ ਹਾਲਤ ਵਿਚ ਜਗਤਾਰ ਸਿੰਘ ਹਵਾਰਾ ਨੂੰ ਘੱਟੋ-ਘੱਟ 10 ਦਿਨਾਂ ਦੀ ਪੈਰੋਲ ਦੇਣੀ ਚਾਹੀਦੀ ਹੈ, ਤਾਂ ਜੋ ਉਹ ਆਪਣੀ ਬਜ਼ੁਰਗ ਅਤੇ ਬਿਮਾਰ ਮਾਤਾ ਅਤੇ ਪਰਿਵਾਰ ਨਾਲ ਕੁਝ ਸਮਾਂ ਬਿਤਾ ਸਕੇ, ਜਿਨ੍ਹਾਂ ਨਾਲ ਉਹ ਲੰਬੇ ਸਮੇਂ ਤੋਂ ਨਹੀਂ ਮਿਲ ਸਕਿਆ। ਭਾਰਤੀ ਨੇ ਕਿਹਾ ਕਿ ਇਸ ਪੈਰੋਲ ਨੂੰ ਕਿਸੇ ਵੀ ਸਿਆਸੀ ਪਾਰਟੀ ਜਾਂ ਵਿਚਾਰਧਾਰਾ ਨਾਲ ਜੁੜੇ ਲੋਕਾਂ ਵੱਲੋਂ ਜਿੱਤ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ।