ਹੁਸ਼ਿਆਰਪੁਰ,8 ਜੁਲਾਈ (ਬਖਸ਼ੀ )ਕੇਂਦਰੀ ਜੇਲ੍ਹ ਦੇ ਐਡੀਸ਼ਨਲ ਸੁਪਰਿੰਟੈਂਡੈਂਟ ਹਰਭਜਨ ਸਿੰਘ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਦੱਸਿਆ ਕਿ ਪਿਛਲੇ 14 ਜੂਨ ਨੂੰ ਜੇਲ੍ਹ ਅਥਾਰਟੀ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਵਾਇਰਲ ਹੋਣ ਦੀ ਗੱਲ ਸਾਹਮਣੇ ਆਈ ਸੀ। ਇਹ ਪੋਸਟ ਜੇਲ੍ਹ ਵਿੱਚ ਬੰਦ ਕੈਦੀ ਮਨਪ੍ਰੀਤ ਮੰਨਾ ਨਾਲ ਸੰਬੰਧਿਤ ਸੀ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਗਈ ਅਤੇ ਮੌਕੇ ਤੋਂ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਸਟੇਸ਼ਨ ਸਿਟੀ ਵਿੱਚ FIR ਨੰਬਰ 151 ਦਰਜ ਕੀਤੀ ਗਈ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਹੁਸ਼ਿਆਰਪੁਰ ਵਿੱਚ ਇੱਕ ਖਾਸ ਜਾਂਚ ਟੀਮ (SIT) ਬਣਾਈ ਗਈ, ਜਿਸ ਦੀ ਅਗਵਾਈ ਐਸਪੀ ਮੈਜਰ ਸਿੰਘ ਵੱਲੋਂ ਕੀਤੀ ਗਈ। ਇਸ ਟੀਮ ਵਿੱਚ ਡੀਐਸਪੀ ਪਰਨੀਤ ਸਿੰਘ, ਡੀਐਸਪੀ ਸਿਟੀ ਕੁਲਭੂਸ਼ਣ ਸਿੰਘ ਅਤੇ ਐਸਐਚਓ ਸਿਟੀ ਵੀ ਸ਼ਾਮਲ ਸਨ।
ਪਿਛਲੇ ਤਿੰਨ ਹਫ਼ਤਿਆਂ ਦੌਰਾਨ ਟੀਮ ਵੱਲੋਂ ਗਹਿਰਾਈ ਨਾਲ ਜਾਂਚ ਕੀਤੀ ਗਈ ਅਤੇ ਹੁਣ ਤੱਕ ਕੁੱਲ 12 ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਜਾਂਚ ਦੌਰਾਨ ਮੋਬਾਈਲ ਫੋਨ ਅਤੇ ਵੱਡੀ ਮਾਤਰਾ ਵਿੱਚ ਫਾਇਨੈਂਸ਼ਲ ਟ੍ਰਾਂਜ਼ੈਕਸ਼ਨਾਂ ਦੇ ਸਬੂਤ ਮਿਲੇ ਹਨ, ਜਿਨ੍ਹਾਂ ਵਿੱਚ ਲੱਖਾਂ ਰੁਪਏ ਦੀ ਲੈਣ-ਦੇਣ ਸਾਹਮਣੇ ਆਈ ਹੈ।
ਇਸੇ ਤਹਿਤ ਪੁਲਿਸ ਵੱਲੋਂ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦੇ ਐਡੀਸ਼ਨਲ ਸੁਪਰਿੰਟੈਂਡੈਂਟ ਹਰਭਜਨ ਸਿੰਘ ਅਤੇ ਵਾਰਡਰ ਰਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਇਸ ਰੈਕਟ ਵਿੱਚ ਜਿਹੜਾ ਵੀ ਵਿਅਕਤੀ ਸ਼ਾਮਲ ਪਾਇਆ ਗਿਆ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਾਂਚ ਅਜੇ ਵੀ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।