ਅੰਮ੍ਰਿਤਸਰ ਸਾਹਿਬ,10 ਮਈ( ਜਸ਼ਨ ) ਬਾਲੀਵੁੱਡ ਅਦਾਕਾਰਾ ਅਤੇ ਆਈਪੀਐਲ ਟੀਮ ਕਿੰਗਜ਼ ਇਲੈਵਨ ਪੰਜਾਬ ਦੀ ਮਾਲਕਿਨ ਪ੍ਰੀਤੀ ਜਿੰਟਾ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ। ਪ੍ਰੀਟੀ ਜ਼ਿੰਟਾ ਦੀ ਇਕ ਝਲਕ ਪਾਉਣ ਲਈ ਸੰਗਤਾਂ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।
ਗੁਰੂ ਘਰ ਵਿੱਚ ਮੱਥਾ ਟੇਕਣ ਤੋਂ ਬਾਅਦ ਪ੍ਰੀਟੀ ਜ਼ਿੰਟਾ ਨੇ ਲੰਗਰ ਹਾਲ ਵਿੱਚ ਜਾ ਕੇ ਸੇਵਾ ਵੀ ਨਿਭਾਈ। ਉਨ੍ਹਾਂ ਨੇ ਸੰਗਤਾਂ ਨੂੰ ਲੰਗਰ ਵਰਤਾਇਆ ਅਤੇ ਸੇਵਾ ਭਾਵਨਾ ਨਾਲ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਪ੍ਰਗਟਾਈ। ਇਸ ਦੌਰਾਨ ਕਈ ਸ਼ਰਧਾਲੂਆਂ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਖਿੱਚਵਾਈਆਂ।
"ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਪ੍ਰੀਟੀ ਜ਼ਿੰਟਾ ਨੇ ਦਰਬਾਰ ਸਾਹਿਬ ਆਉਣ ਦਾ ਮਕਸਦ ਦੱਸਦਿਆਂ ਕਿਹਾ ਕਿ “ਬਸ ਬਾਬਾ ਜੀ ਦਾ ਬੁਲਾਵਾ ਆਇਆ ਸੀ, ਮੈਂ ਆ ਗਈ ।” ਉਨ੍ਹਾਂ ਕਿਹਾ ਕਿ 11 ਤਾਰੀਖ ਨੂੰ ਟੀਮ ਦਾ ਅਹਿਮ ਮੈਚ ਹੈ ਅਤੇ ਉਹ ਵਾਹਿਗੁਰੂ ਅੱਗੇ ਪੰਜਾਬ ਦੀ ਜਿੱਤ ਲਈ ਅਰਦਾਸ ਕਰਨ ਆਏ ਹਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਟੀਮ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਸਾਰੇ ਮੈਚ ਜਿੱਤਣ ਦੀ ਕੋਸ਼ਿਸ਼ ਕਰੇਗੀ।
ਪ੍ਰੀਟੀ ਜ਼ਿੰਟਾ ਨੇ ਪੰਜਾਬ ਦੀ ਆਈਪੀਐਲ ਟੀਮ ਦੇ ਕਪਤਾਨ ਸ਼ਰੇਸ ਬਾਰੇ ਵੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ “ਸਰਪੰਚ” ਕਹਿ ਕੇ ਬੁਲਾਉਣਾ ਬਹੁਤ ਮਾਣ ਅਤੇ ਪਿਆਰ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਵੱਲੋਂ ਟੀਮ ਨੂੰ ਬਹੁਤ ਪਿਆਰ ਮਿਲ ਰਿਹਾ ਹੈ, ਜਿਸ ਲਈ ਉਹ ਸਭ ਦਾ ਧੰਨਵਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਪਿਆਰ ਅਤੇ ਸਮਰਥਨ ਹੀ ਟੀਮ ਲਈ ਸਭ ਤੋਂ ਵੱਡੀ ਤਾਕਤ ਹੈ।




