ਨਿਹਾਲ ਸਿੰਘ ਵਾਲਾ ,12 ਨਵੰਬਰ (ਮਿੰਟੂ ਖੁਰਮੀ ਹਿੰਮਤਪੁਰਾ/ ਭੁਪਿੰਦਰ ਸਿੰਘ ਜੌੜਾ ) – ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਸਿਆਸੀ ਉਥਲ-ਪੁਥਲ ਹੋਰ ਤੇਜ਼ ਹੋਣ ਦੇ ਸੰਕੇਤ ਮਿਲ ਰਹੇ ਹਨ। ਇਸੇ ਦਰਮਿਆਨ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਿਆ ਜਦੋਂ ਪਾਰਟੀ ਦੇ ਆਗੂ ਅਤੇ ਨਿਹਾਲ ਸਿੰਘ ਵਾਲਾ ਨਗਰ ਪਾਲਿਕਾ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਖ਼ਬਰ ਸਾਹਮਣੇ ਆਈ।
ਇਸ ਘਟਨਾਕ੍ਰਮ ਨੇ ਹਲਕੇ ਦੀ ਸਿਆਸੀ ਫਿਜ਼ਾ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਕਦੇ ਬਦਲਾਅ ਦੇ ਨਾਅਰੇ ਨਾਲ ਲੋਕਾਂ ਵਿੱਚ ਆਪਣੀ ਥਾਂ ਬਣਾਉਣ ਵਾਲੀ ਆਮ ਆਦਮੀ ਪਾਰਟੀ ਲਈ ਹੁਣ ਸਥਾਨਕ ਪੱਧਰ 'ਤੇ ਆਗੂਆਂ ਦੇ ਅਸਤੀਫ਼ੇ ਅਤੇ ਸਿਆਸੀ ਸਰਗਰਮੀਆਂ ਕਈ ਸਵਾਲ ਖੜ੍ਹੇ ਕਰ ਰਹੀਆਂ ਹਨ।
ਸਿਆਸੀ ਹਲਕਿਆਂ ਵਿੱਚ ਇਹ ਚਰਚਾ ਵੀ ਜ਼ੋਰ ਫੜ ਰਹੀ ਹੈ ਕਿ ਕੀ ਪਾਰਟੀ ਦੇ ਅੰਦਰ ਸਭ ਕੁਝ ਠੀਕ ਚੱਲ ਰਿਹਾ ਹੈ? ਕੀ ਸਥਾਨਕ ਆਗੂਆਂ ਦੀ ਨਾਰਾਜ਼ਗੀ ਸਾਹਮਣੇ ਆਉਣ ਲੱਗੀ ਹੈ? ਜਾਂ ਫਿਰ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਸਮੀਕਰਨ ਬਦਲਣ ਦੀ ਤਿਆਰੀ ਹੋ ਰਹੀ ਹੈ?
ਹਾਲਾਂਕਿ ਜਗਦੀਪ ਸਿੰਘ ਗਟਰਾ ਵੱਲੋਂ ਅਸਤੀਫ਼ਾ ਦੇਣ ਦੇ ਅਸਲ ਕਾਰਨਾਂ ਬਾਰੇ ਉਨ੍ਹਾਂ ਦਾ ਪੱਖ ਸਾਹਮਣੇ ਆਉਣਾ ਅਜੇ ਬਾਕੀ ਹੈ, ਪਰ ਇਹ ਘਟਨਾ ਸਥਾਨਕ ਸਿਆਸਤ ਵਿੱਚ ਅਹਿਮ ਮੰਨੀ ਜਾ ਰਹੀ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਹਾਈਕਮਾਂਡ ਇਸ ਸਿਆਸੀ ਝਟਕੇ ਨੂੰ ਕਿਵੇਂ ਲੈਂਦੀ ਹੈ ਅਤੇ ਨਿਹਾਲ ਸਿੰਘ ਵਾਲਾ ਵਿੱਚ ਆਪਣੀ ਸਥਾਨਕ ਲੀਡਰਸ਼ਿਪ ਨੂੰ ਇਕਜੁੱਟ ਰੱਖਣ ਲਈ ਕੀ ਕਦਮ ਚੁੱਕਦੀ ਹੈ। ਫਿਲਹਾਲ ਇੱਕ ਗੱਲ ਸਪੱਸ਼ਟ ਹੈ ਕਿ ਹਲਕੇ ਦੀ ਸਿਆਸਤ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।
ਕੀ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਆਮ ਆਦਮੀ ਪਾਰਟੀ ਦੀ ਸਿਆਸੀ ਪਕੜ ਕਮਜ਼ੋਰ ਪੈਣ ਲੱਗ ਪਈ ਹੈ?
ਉੱਘੇ ਪੱਤਰਕਾਰ ਭੁਪਿੰਦਰ ਸਿੰਘ ਜੌੜਾ ਅਨੁਸਾਰ ਨਗਰ ਕੌਂਸਲ ਨਿਹਾਲ ਸਿੰਘ ਵਾਲਾ ਦੇ ਮੌਜੂਦਾ ਪ੍ਰਧਾਨ, ਕਿਸਾਨ ਸੈੱਲ ਪੰਜਾਬ ਦੇ ਵਾਈਸ ਪ੍ਰਧਾਨ ਜਗਦੀਪ ਸਿੰਘ ਗਟਰਾ ਨੇ ਆਪਣੇ ਸਾਥੀਆ ਸਮੇਤ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਕਾਂਗਰਸ ਦਾ ਪੱਲਾ ਫੜ ਲਿਆ ਹੈ।
ਇਸ ਮੌਕੇ ਚੇਅਰਮੈਨ ਹਰਨੇਕ ਸਿੰਘ ਰਾਮੂਵਾਲਾ , ਪ੍ਰਧਾਨ ਰੁਪਿੰਦਰ ਸਿੰਘ ਦੀਨਾ,ਸਰਪੰਚ ਅਮਰਜੀਤ ਸਿੰਘ ਪੱਤੋ ਹੀਰਾ ਸਿੰਘ , ਭੁਪਿੰਦਰ ਸਿੰਘ ਸਾਹੋਕੇ ਆਦਿ ਹਾਜ਼ਰ ਸਨ।
ਇਹ ਵੀ ਜ਼ਿਕਰਯੋਗ ਹੈ ਕਿ ਜਗਦੀਪ ਸਿੰਘ ਗਟਰਾ ਸਾਬਕਾ ਮੁੱਖਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਆਰੰਭ ਹੋ ਰਹੀ ਸਾਈਕਲ ਯਾਤਰਾ ਵਿਚ ਵੀ ਸ਼ਾਮਿਲ ਹੋਏ।




