ਮੋਗਾ , 2 ਜੂਨ (ਜਸ਼ਨ ) ਪੰਜਾਬ ਦੇ ਨੌਜਵਾਨਾਂ ਨੇ ਹਮੇਸ਼ਾ ਹੀ ਆਪਣੀ ਮਿਹਨਤ ਅਤੇ ਲਗਨ ਸਦਕਾ ਦੁਨੀਆ ਭਰ ਵਿੱਚ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਇਸੇ ਲੜੀ ਵਿੱਚ ਇੱਕ ਵੱਡੀ ਪ੍ਰਾਪਤੀ ਜੋੜਦਿਆਂ, ਮੋਗਾ ਜਿਲ੍ਹੇ ਦੇ ਕਸਬਾ ਬੱਧਨੀ ਕਲਾਂ ਦੇ ਨੌਜਵਾਨ ਹਰਮੀਤ ਸਿੰਘ ਧਾਲੀਵਾਲ ਨੇ ਆਪਣੀ ਅਦਭੁਤ ਨਿਰੰਤਰਤਾ ਅਤੇ ਸਰੀਰਕ ਤੰਦਰੁਸਤੀ ਸਦਕਾ ’ਇੰਡੀਆ ਬੁੱਕ ਆਫ਼ ਰਿਕਾਰਡਜ਼’ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਇਤਿਹਾਸ ਰਚ ਦਿੱਤਾ ਤੇ ਆਪਣੇ ਕਸਬੇ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਚਮਕਾ ਦਿੱਤਾ।
"ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਮਿਤੀ 4 ਅਪ੍ਰੈਲ, 1993 ਨੂੰ ਕਸਬਾ ਬੱਧਨੀ ਕਲਾਂ ਵਿਖੇ ਜਨਮੇ ਹਰਮੀਤ ਸਿੰਘ ਧਾਲੀਵਾਲ ਨੇ "ਮਲਟੀਪਲ ਸਾਲਾਂ ਵਿੱਚ ਇੱਕ ਵਿਅਕਤੀ ਦੁਆਰਾ ਲਗਾਤਾਰ ਸਭ ਤੋਂ ਵੱਧ ਕਦਮ ਪੈਦਲ ਚੱਲਣ" ਦਾ ਇੱਕ ਅਨੋਖਾ ਰਿਕਾਰਡ ਆਪਣੇ ਨਾਮ ਦਰਜ ਕਰਵਾਇਆ ਹੈ । ਹਰਮੀਤ ਨੇ ਲਗਾਤਾਰ ਆਪਣੀ ਰੋਜ਼ਾਨਾਂ ਦੀ ਕਸਰਤ ਦੇ ਹਿੱਸੇ ਵਜੋਂ ਖੁੱਲ੍ਹੇ ਖੇਤਰ ਵਿੱਚ ਚੱਲਦਿਆਂ ਇਹ ਵੱਡਾ ਮੁਕਾਮ ਹਾਸਲ ਕੀਤਾ ਹੈ । ਇਸ ਨੌਜਵਾਨ ਨੇ ਮਿਤੀ 18 ਅਕਤੂਬਰ 2019 ਤੋਂ 23 ਮਈ 2026 ਤੱਕ ਕੁੱਲ 4,52,65,135 (ਚਾਰ ਕਰੋੜ, ਬਵੰਜਾ ਲੱਖ, ਪੈਂਹਠ ਹਜ਼ਾਰ, ਇੱਕ ਸੌ ਪੈਂਤੀ) (ਲਗਭਗ 35,452 ਕਿਲੋਮੀਟਰ) ਕਦਮ, 6 ਸਾਲ, 7 ਮਹੀਨੇ ਅਤੇ 5 ਦਿਨ ਵਿੱਚ ਪੂਰੇ ਕੀਤੇ ।
ਇਸ ਪੂਰੇ ਸਫ਼ਰ ਦੌਰਾਨ ਹਰਮੀਤ ਦੇ ਕਦਮਾਂ ਦਾ ਡਾਟਾ ’ਸੈਮਸੰਗ ਹੈਲਥ ਐਪ’ ਰਾਹੀਂ ਟਰੈਕ ਕੀਤਾ ਗਿਆ, ਜਿਸਨੂੰ ਬਾਅਦ ਵਿੱਚ ’ਇੰਡੀਆ ਬੁੱਕ ਆਫ਼ ਰਿਕਾਰਡਜ਼’ ਦੇ ਐਡੀਟੋਰੀਅਲ ਬੋਰਡ ਦੁਆਰਾ ਇਸ ਡਾਟੇ ਅਤੇ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਅਤੇ ਪੁਸ਼ਟੀ ਕਰਨ ਤੋਂ ਬਾਅਦ, 28 ਮਈ 2026 ਨੂੰ ਇਸ ਰਿਕਾਰਡ ਨੂੰ ਅਧਿਕਾਰਤ ਤੌਰ ’ਤੇ ਮਨਜ਼ੂਰੀ ਦਿੱਤੀ ਗਈ । ਕਸਬੇ ਦੇ ਪਤਵੰਤੇ ਸੱਜਣਾਂ, ਯਾਰਾਂ ਦੋਸਤਾਂ ਨੇ ਹਰਮੀਤ ਨੂੰ ਇਹ ਰਿਕਾਰਡ ਆਪਣੇ ਨਾਮ ਦਰਜ ਕਰਵਾਉਣ ਤੇ ਵਧਾਈ ਦਿੱਤੀ।