ਮੋਗਾ, 18 ਅਕਤੂਬਰ (ਜਸ਼ਨ ) ਪਿੰਡ ਸੱਦਾ ਸਿੰਘ ਵਾਲਾ ਵਿਖੇ ਕੀਤੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਰਸੂਲਪੁਰ ਅਤੇ ਤਰਨਦੀਪ ਸਿੰਘ ਸਿੰਘਾਂ ਵਾਲਾ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਰਜਿਸਟਰ ਕਰਨ ਉੱਤੇ 'ਰਾਸ਼ਟਰੀ ਸੁਰੱਖਿਆ' ਦਾ ਬੇਬੁਨਿਆਦ ਹਵਾਲਾ ਦੇ ਕੇ ਰੋਕ ਲਗਾਏ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਖੌਤੀ ਲੋਕਤੰਤਰ ਦੇ ਇਸ ਦੌਰ ਵਿੱਚ ਪੰਜਾਬ ਦੇ ਹੱਕਾਂ ਦਾ ਗਲਾ ਘੁੱਟਣ ਲਈ ਜੋ ਹਥਕੰਡੇ ਅਪਣਾਏ ਜਾ ਰਹੇ ਹਨ, ਉਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਕੇਂਦਰੀ ਸਿਸਟਮ ਵੱਲੋਂ ਪੰਜਾਬ ਦੀ ਹਰ ਨਿਆਂਪਸੰਦ ਆਵਾਜ਼ ਨੂੰ ਕੁਚਲਣ ਦੀ ਇਹ ਇੱਕ ਡੂੰਘੀ ਸਾਜ਼ਿਸ਼ ਹੈ
ਭਰਾ ਜਗਜਿੰਦਰ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਵੀ ਪੰਜਾਬ ਅਤੇ ਪੰਜਾਬੀਅਤ ਆਪਣੇ ਬੁਨਿਆਦੀ ਹਿੱਤਾਂ ਲਈ ਆਵਾਜ਼ ਬੁਲੰਦ ਕਰਦੀ ਹੈ, ਤਾਂ ਹਾਕਮਾਂ ਨੂੰ 'ਰਾਸ਼ਟਰੀ ਸੁਰੱਖਿਆ' ਦਾ ਖ਼ਤਰਾ ਦਿਖਣ ਲੱਗ ਜਾਂਦਾ ਹੈ। ਇਹ ਘਟਨਾ ਸਾਨੂੰ ਇਸ ਕੌੜੀ ਸੱਚਾਈ ਨਾਲ ਰੂਬਰੂ ਕਰਵਾਉਂਦੀ ਹੈ ਕਿ ਅਸੀਂ ਅੱਜ ਵੀ ਆਜ਼ਾਦ ਮੁਲਕ ਵਿੱਚ ਨਹੀਂ, ਸਗੋਂ ਮਾਨਸਿਕ ਅਤੇ ਰਾਜਨੀਤਿਕ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੇ ਹੋਏ ਹਾਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਗੁਲਾਮੀ ਦੇ ਹਨ੍ਹੇਰੇ ਤੋਂ ਸਦੀਵੀ ਖਹਿੜਾ ਛੁਡਾਉਣ ਲਈ ਹੁਣ ਮੂਕ ਦਰਸ਼ਕ ਬਣ ਕੇ ਰਹਿਣ ਦਾ ਸਮਾਂ ਨਹੀਂ ਰਿਹਾ। ਸੂਬੇ ਨੂੰ ਸਹੀ ਲੀਹ 'ਤੇ ਲਿਆਉਣ ਅਤੇ ਆਪਣੇ ਫ਼ੈਸਲੇ ਆਪ ਕਰਨ ਦੇ ਸਮਰੱਥ ਬਣਾਉਣ ਲਈ, ਸਾਨੂੰ 2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਪਵੇਗਾ। ਜਦੋਂ ਸੱਤਾ ਦੀ ਵਾਗਡੋਰ ਪੰਜਾਬ ਦੇ ਸੱਚੇ ਦਰਦੀ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਵਰਗੇ ਹੱਥਾਂ ਵਿੱਚ ਆਵੇਗੀ, ਤਾਂ ਹੀ ਗੁਲਾਮੀ ਦੀਆਂ ਇਨ੍ਹਾਂ ਬੇੜੀਆਂ ਨੂੰ ਤੋੜਿਆ ਜਾ ਸਕੇਗਾ। ਇਸ ਮੋਕੇ ਸੀਨੀਅਰ ਆਗੂ ਦਵਿੰਦਰ ਸਿੰਘ ਰਣੀਆਂ ਅਤੇ ਹਰਪ੍ਰੀਤ ਸਮਰਾ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਧੱਕੇਸ਼ਾਹੀ ਖ਼ਲਾਫ਼ ਇੱਕਜੁੱਟ ਹੋਣ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਅਸਲ ਖ਼ੁਦਮੁਖਤਿਆਰੀ ਅਤੇ ਸਤਿਕਾਰ ਲਈ ਡਟ ਕੇ ਅਕਾਲੀ ਦਲ ਵਾਰਿਸ ਪੰਜਾਬ ਦਾ ਸਾਥ ਦੇਣ। ਇਸੇ ਮੋਕੇ ਸਵਰਨਜੀਤ ਕੌਰ ਮਾਤਾ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ,ਜ਼ਿਲ੍ਹਾ ਮੀਤ ਪ੍ਰਧਾਨ ਬਚਿੱਤਰ ਸਿੰਘ, ਸਕੱਤਰ ਜਨਰਲ ਨਿਰਮਲ ਸਿੰਘ, ਸੁਖਮੰਦਰ ਸਿੰਘ ਸਕੱਤਰ, ਅਰਸ਼ਦੀਪ ਸਿੰਘ ਕਾਰਜਕਾਰੀ ਕਮੇਟੀ,ਏਕਮ ਚੁੱਪਕੀਤੀ, ਬਲਵੀਰ ਸਿੰਘ, ਅਖਤਿਆਰ ਸਿੰਘ, ਮੱਖਣ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ,ਚੰਦ ਸਿੰਘ, ਤਿਰਲੋਕ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭੈਣਾਂ ਅਤੇ ਭਰਾ ਹਾਜ਼ਰ ਸਨ।