ਸਿੱਖ ਭਾਈਚਾਰ ਨੇ ਵੀ ਸ਼ਿਰਕਤ ਕਰਕੇ ਯਾਦ ਕੀਤਾ ਵਿਸ਼ਵ ਯੁੱਧ ਦੇ ਮਹਾਨ ਸਿੱਖ ਬਹਾਦਰਾਂ ਨੂੰ

ਸਾਨ ਫਰਾਂਸਿਸਕੋ(ਐਸ ਅਸ਼ੋਕ ਭੌਰਾ)ਸਮੁੱਚੇ ਅਮਰੀਕਾ ਵਿੱਚ ਮੈਮੋਰੀਅਲ ਡੇਅ ਮੌਕੇ ਬਹਾਦਰ ਫੌਜੀਆਂ ਤੇ ਜੰਗੀ ਸ਼ਹੀਦਾ ਨੂੰ ਯਾਦ ਕਰਨ ਲਈ ਵੱਡੀ ਪੱਧਰ ‘ਤੇ ਸ਼ਹੀਦੀ ਸਮਾਰਕਾਂ ‘ਤੇ ਲੋਕ ਇਕੱਤਰ ਹੋ ਕੇ ਤੇ ਕਈ ਥਾਂ ਪ੍ਰੇਡ ਦੇ ਰੂਪ ਵਿੱਚ ਸ਼ਰਧਾ ਦੇ ਫੁੱਲ ਭਟ ਕਰਦੇ ਹਨ।ਇਸੇ ਮਹਾਨ ਦਿਵਸ ‘ਤੇ ਓਹਾਇਓ ਸੂਬੇ ‘ਚ ਸਪਰਿੰਗਫੀਲਡ ਵਿਖੇ ਆਯੋਜਿਤ ਕੀਤੀ ਜਾਣ ਵਾਲੀ ਵੱਡੀ ਪ੍ਰੇਡ ਅਮਰੀਕਾ ਦੀਆਂ ਪਹਿਲੀਆਂ ਪ੍ਰੇਡਾਂ’ਚੋਂ ਇੱਕ ਹੈ ਜਿਸ ਵਿੱਚ ਹਜਾਰਾਂ ਵਾਹਨ ਤੇ 35 ਤੋਂ 40 ਹਜਾਰ ਲੋਕ ਸ਼ਰਧਾਵਾਨ ਹੋ ਕੇ ਪ੍ਰੇਡ ਦਾ ਹਿੱਸਾ ਬਣਦੇ ਹਨ,ਉਨ੍ਹਾਂ ਫੌਜੀ ਜਵਾਨਾਂ ਦੀ ਯਾਦ ਨੂੰ ਨਾਮਸਤਿਕ ਹੋਣ ਲਈ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਅਮਰੀਕਾ ਨੂੰ ਖੁਸ਼ਹਾਲ ਤੇ ਮਹਾਨ ਬਣਾਇਆ। ਖਾਸ ਕਰ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ ‘ਚ।ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਵੀ ਪਰਿਵਾਰਾਂ ਸਮੇਤ ਸ਼ਾਮਲ ਹੁੰਦੇ ਹਨ। ਕਿਉਂ ਕਿ ਦੋਵੇਂ ਸੰਸਾਰ ਜੰਗਾਂ ਵਿੱਚ ਬਹਾਦਰ ਸਿੱਖਾਂ ਦੀ ਸ਼ਹਾਦਤ ਦਾ ਆਪਣਾ ਇੱਕ ਨਿਵੇਕਲਾ ਇਤਿਹਾਸ ਹੈ।ਸਿਕਡੇਵ ਸਟਰੀਟ ਤੋਂ ਆਰੰਭ ਹੋ ਕੇ ਚਾਰ-ਪੰਜ ਮੀਲ ਦੀ ਪ੍ਰੇਡ ਮੁੜ ਸ਼ਹੀਦੀ ਸਮਾਰਕ ‘ਤੇ ਸਮਾਪਤ ਹੁੰਦੀ ਹੈ।ਪੇਡ ਵਿੱਚ ਜਿਥੇ ਸੇਵਾ ਮੁਕਤ ਫੌਜੀ ਵੱਡੀ ਗਿਣਤੀ ‘ਚ ਪੁੱਜਦੇ ਹਨ ਉਥੇ ਵੱਖ ਵੱਖ ਫਲੋਟਾਂ ਜਰੀਏ ਖੂਬਸੂਰਤ ਪ੍ਰਦਰਸ਼ਨੀ ਤੇ ਜੰਗੀ ਸਾਜੋ ਸਮਾਨ ਵੀ ਵਿਖਾਇਆ ਜਾਂਦਾ ਹੈ।

ਸਾਰੇ ਰਾਹਾਂ ‘ਚ ਪਾਣੀ,ਕੋਲਡ ਡਰਿੰਕ ਤੇ ਖਾਣ-ਪੀਣ ਦੀ ਵਿਵਸਥਾ ਵੀ ਹੁੰਦੀ ਹੈ।ਭਾਰਤੀ,ਖਾਸ ਕਰ ਪੰਜਾਬੀ ਭਾਈਚਾਰੇ ਲਈ ਇਹ ਦਿਨ ਖਾਸ ਹੁੰਦਾ ਹੈ।ਕਿਉਂ ਕਿ ਪ੍ਰੇਡ ਦੀ ਸਮਾਪਤੀ ਉਪਰੰਤ ਵੀ ਇੱਕ ਵੱਖਰਾ ਜਸ਼ਨ ਹੁੰਦਾ ਹੈ ਜਦੋਂ ਉੱਘੇ ਕਾਰੋਬਾਰੀ ਤੇ ਸਪਰਿੰਗਫੀਲਡ ਦੀ ਨਾਮੀ ਸਖਸ਼ੀਅਤ ਸ ਅਵਤਾਰ ਸਿੰਘ ਦੇ ਘਰ ਹਰ ਸਾਲ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ।ਇਸ ਵਾਰ ਵੀ ਡੇਢ ਸੌ ਤੋਂ ਵੱਧ ਲੋਕ ਇਸ ਇਕੱਤਰਤਾ ਵਿੱਚ ਸ਼ਾਮਲ ਸਨ।