ਬਾਘਾ ਪੁਰਾਣਾ, 30 ਅਗਸਤ (ਜਸ਼ਨ ) ਦੇਸ਼ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ ਵਿੱਚ ਧਰਮ ਪ੍ਰਚਾਰ ਲਈ ਜਾਣੇ ਜਾਂਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸੱਚ ਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਵਿਖੇ ਪੂਰਨਮਾਸ਼ੀ ਅਤੇ ਰੱਖੜੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਕਰਕੇ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਦੀ ਰਹਿਨੁਮਾਈ ਹੇਠ ਸਮੂਹ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਜਿਆਦਾ ਗਰਮੀ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਦੂਰ-ਦੁਰਾਡੇ ਤੋਂ ਸੰਗਤਾਂ ਨੇ ਹਾਜਰੀਆਂ ਭਰ ਕੇ ਗੁਰੂ ਸਾਹਿਬ ਅੱਗੇ ਮੱਥਾ ਟੇਕਿਆ। ਇਸ ਦੌਰਾਨ ਸ਼੍ਰੀ ਸਹਿਜ ਪਾਠਾਂ ਦੇ ਭੋਗ ਪਾਉਣ ਉਪਰੰਤ ਸਜਾਏ ਗਏ ਭਾਰੀ ਦੀਵਾਨਾਂ ਵਿੱਚ ਹਜੂਰੀ ਰਾਗੀ ਭਾਈ ਸੋਹਣ ਸਿੰਘ, ਕਮਲ ਸਿੰਘ ਆਲਮਵਾਲਾ, ਸੇਵਕ ਸਿੰਘ ਬਾਘਾ ਪੁਰਾਣਾ, ਨਿਰਭੈ ਸਿੰਘ ਪੰਜਗਰਾਈ ਅਤੇ ਭਾਈ ਇਕਬਾਲ ਸਿੰਘ ਲੰਗੇਆਣਾ ਵਲੋਂ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਕਵੀਸ਼ਰ ਭਾਈ ਵੀਰਭਾਨ ਮੌੜ ਮਾਲਵਾ ਦੇ ਜਥੇ ਵਲੋਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। ਉਪਰੰਤ ਜੁੜ ਬੈਠੀਆਂ ਸੰਗਤਾਂ ਨੂੰ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਨੇ ਰੱਖੜ ਪੁੰਨਿਆਂ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸੁਭਾਗਾ ਦਿਹਾੜਾ ਸਾਨੂੰ ਸੰਦੇਸ਼ ਦਿੰਦਾ ਹੋਇਆ ਭੈਣ-ਭਰਾਵਾਂ ਦਾ ਰਿਸ਼ਤਾ ਮਜਬੂਤ ਕਰਦਾ ਹੈ, ਇਕੱਲੇ ਇਸ ਦਿਨ ਹੀ ਨਹੀਂ ਭੈਣਾਂ ਆਪਣੇ ਭਰਾਵਾਂ ਲਈ ਹਰੇਕ ਦਿਨ ਸੁੱਖ ਮੰਗਦੀਆਂ ਹਨ, ਹਰੇਕ ਪ੍ਰਾਣੀ ਨੂੰ ਹਮੇਸ਼ਾ ਪ੍ਰੇਮ-ਪਿਆਰ ਨਾਲ ਸਮਾਂ ਬਤੀਤ ਕਰਨਾ ਚਾਹੀਦਾ, ਉਹਨਾਂ ਕਿਹਾ ਕਿ ਸਤਿਗੁਰੂ ਮਹਾਰਾਜ ਹਮੇਸ਼ਾ ਮਿਹਰਾਂ ਰੱਖਣ, ਚੜ੍ਹਦੀ ਕਲਾ ਬਖਸ਼ਣ, ਹਰੇਕ ਦਿਨ-ਤਿਉਹਾਰ ਪਰਿਵਾਰਾਂ ਲਈ ਖੁਸ਼ੀਆਂ ਲੈ ਕੇ ਆਉਣ। ਬਾਬਾ ਗੁਰਦੀਪ ਸਿੰਘ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਜੁੜ ਬੈਠੀਆਂ ਸੰਗਤਾਂ ਨੂੰ ਜੁਗੋ-ਜੁਗੋ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਜਿੰਨਾ ਭੈਣਾਂ ਦੇ ਘਰ ਦੇ ਵਿੱਚ ਭਰਾ ਨਹੀਂ ਹਨ ਅਸੀਂ ਉਹਨਾਂ ਦੇ ਭਰਾ ਵੀ ਹਾਂ, ਉਹ ਮੇਰੇ ਰੱਖੜੀ ਬੰਨ ਸਕਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈੱਡ ਗ੍ਰੰਥੀ ਸੁੱਚਾ ਸਿੰਘ, ਭਾਈ ਸੁੱਖਾ ਸਿੰਘ ਮੋਗਾ, ਕੁਲਵੀਰ ਸਿੰਘ ਕੋਠੇ ਪੱਤੀ ਮੁਹੱਬਤ, ਧਰਮ ਸਿੰਘ ਕਾਲੇਕੇ, ਜਸਕਰਨ ਸਿੰਘ ਬੀੜ ਚੜਿੱਕ, ਚਮਕੌਰ ਸਿੰਘ ਚੰਦ ਪੁਰਾਣਾ, ਬਿੱਲੂ ਸਿੰਘ, ਦਰਸ਼ਨ ਸਿੰਘ ਡਰੋਲੀ ਭਾਈ, ਗੁਰਜੰਟ ਸਿੰਘ ਨੀਲਾ ਚੰਦ ਪੁਰਾਣਾ, ਡਾ:ਅਵਤਾਰ ਸਿੰਘ, ਰਣਵੀਰ ਸਿੰਘ ਰਾਣਾ, ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।