ਬਰੈਂਪਟਨ(ਕੈਨੇਡਾ) ,24 ਜੂਨ (ਜਗਮੰਦਰ ਸਿੰਘ ਸਰਾਂ ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਧਰਮਕੋਟ ਦੇ ਇੰਚਾਰਜ ਸ. ਬਰਜਿੰਦਰ ਸਿੰਘ ਮੱਖਣ ਬਰਾੜ ਦੇ ਕੈਨੇਡਾ ਦੌਰੇ ਦੌਰਾਨ ਬਰੈਂਪਟਨ ਵਿਖੇ ਘੋਲੀਆ ਨਿਵਾਸ ਪਹੁੰਚਣ ’ਤੇ ਪਰਵਾਸੀ ਪੰਜਾਬੀ ਭਾਈਚਾਰੇ ਵੱਲੋਂ ਬੇਹੱਦ ਨਿੱਘਾ ਅਤੇ ਸ਼ਾਨਦਾਰ ਇਸਤਕਬਾਲ ਕੀਤਾ ਗਿਆ। ਇਸ ਮੌਕੇ ਸ. ਬਚਿੱਤਰ ਸਿੰਘ ਘੋਲੀਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਮੱਖਣ ਬਰਾੜ ਦਾ ਭਰਪੂਰ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਪੰਜਾਬੀ ਰਵਾਇਤਾਂ ਅਨੁਸਾਰ ਮਿਲਣੀ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਹਾਜ਼ਰੀਨ ਵਿੱਚ ਖੁਸ਼ੀ ਅਤੇ ਜੋਸ਼ ਸਾਫ਼ ਨਜ਼ਰ ਆ ਰਿਹਾ ਸੀ। ਇਹ ਇਕੱਠ ਪਰਵਾਸੀ ਪੰਜਾਬੀਆਂ ਦੇ ਆਪਣੇਪਣ ਅਤੇ ਪੰਜਾਬ ਨਾਲ ਡੂੰਘੇ ਲਗਾਅ ਦੀ ਖੂਬਸੂਰਤ ਤਸਵੀਰ ਬਣ ਕੇ ਸਾਹਮਣੇ ਆਇਆ। ਵੱਖ-ਵੱਖ ਖੇਤਰਾਂ ਨਾਲ ਸਬੰਧਤ ਪੰਜਾਬੀਆਂ ਨੇ ਮੱਖਣ ਬਰਾੜ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਭਵਿੱਖੀ ਸੰਭਾਵਨਾਵਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਸਮਾਗਮ ਦੌਰਾਨ ਭਾਈਚਾਰਕ ਏਕਤਾ ਅਤੇ ਪੰਜਾਬੀਅਤ ਦੀ ਰੂਹ ਹਰ ਪਾਸੇ ਮਹਿਸੂਸ ਕੀਤੀ ਜਾ ਰਹੀ ਸੀ।
ਇਸ ਮੌਕੇ ਸ. ਬਚਿੱਤਰ ਸਿੰਘ ਘੋਲੀਆ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਦੌਰਾਨ ਆਪਣੇ ਵਿਚਾਰਾਂ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪੰਜਾਬ ਤੋਂ ਆਉਣ ਵਾਲੇ ਆਗੂਆਂ ਨਾਲ ਮੁਲਾਕਾਤਾਂ ਪਰਵਾਸੀ ਭਾਈਚਾਰੇ ਲਈ ਹਮੇਸ਼ਾ ਖ਼ਾਸ ਅਹਿਮੀਅਤ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਵਤਨ ਨਾਲ ਰਾਬਤਾ ਹੋਰ ਮਜ਼ਬੂਤ ਹੁੰਦਾ ਹੈ ਅਤੇ ਨਵੀਂ ਪੀੜ੍ਹੀ ਨੂੰ ਵੀ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਮੌਕਾ ਮਿਲਦਾ ਹੈ।
ਇਸ ਦੌਰਾਨ ਮੱਖਣ ਬਰਾੜ ਨੇ ਆਖਿਆ ਕਿ ਦੁਨੀਆ ਦੇ ਜਿਸ ਵੀ ਮੁਲਕ ਵਿੱਚ ਪੰਜਾਬੀ ਵੱਸਦੇ ਹਨ ਉਹ ਆਪਣੀ ਮਿੱਟੀ ਭਾਸ਼ਾ ਅਤੇ ਵਿਰਾਸਤ ਨਾਲ ਦਿਲੀ ਮੁਹੱਬਤ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀਆਂ ਨੇ ਆਪਣੀ ਮਿਹਨਤ ਲਿਆਕਤ ਅਤੇ ਇਮਾਨਦਾਰੀ ਸਦਕਾ ਵਿਦੇਸ਼ਾਂ ਵਿੱਚ ਵੱਖਰੀ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦਾ ਯੋਗਦਾਨ ਬੇਮਿਸਾਲ ਹੈ ਅਤੇ ਉਹ ਹਮੇਸ਼ਾ ਆਪਣੇ ਵਤਨ ਦੀ ਬਿਹਤਰੀ ਲਈ ਫ਼ਿਕਰਮੰਦ ਰਹਿੰਦੇ ਹਨ। ਮੱਖਣ ਬਰਾੜ ਨੇ ਨੌਜਵਾਨਾਂ ਦੇ ਭਵਿੱਖ ਕਿਸਾਨੀ ਮਸਲਿਆਂ ਸਮਾਜਿਕ ਤਰੱਕੀ ਅਤੇ ਪੰਜਾਬੀ ਭਾਈਚਾਰੇ ਦੀ ਇਕਜੁੱਟਤਾ ਵਰਗੇ ਅਹਿਮ ਮੌਜ਼ੂਆਂ ’ਤੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਅੱਜ ਦੀ ਲੋੜ ਇਹ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਿਹਤਰ ਮੌਕੇ ਮੁਹੱਈਆ ਕਰਵਾਏ ਜਾਣ ਅਤੇ ਕਿਸਾਨੀ ਖੇਤਰ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਲੱਭਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਾਮੀਰ ਅਤੇ ਤਰੱਕੀ ਲਈ ਸਾਰਿਆਂ ਨੂੰ ਮਿਲ ਕੇ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਸਮਾਗਮ ਦੌਰਾਨ ਹਾਜ਼ਰ ਸਖ਼ਸ਼ੀਅਤਾਂ ਨੇ ਪੰਜਾਬੀਅਤ ਭਾਈਚਾਰਕ ਸਾਂਝ ਅਤੇ ਸਮਾਜ ਸੇਵਾ ਦੇ ਜਜ਼ਬੇ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਸ. ਬੇਅੰਤ ਸਿੰਘ ਧਾਲੀਵਾਲ, ਵਿਸ਼ਵਜੀਤ ਸਿੰਘ ਲਿਟਲੂ ਗਰੇਵਾਲ, ਹੈਰੀ ਬਰਾੜ ਖੋਟੇ, ਜਗਸੀਰ ਸਿੰਘ ਘੋਲੀਆ, ਗੁਰਵਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸਮਾਗਮ ਦੇ ਅਖੀਰ ਵਿੱਚ ਪੰਜਾਬ ਦੀ ਚੜ੍ਹਦੀ ਕਲਾ ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਲਈ ਸ਼ੁਭਕਾਮਨਾਵਾਂ ਦਾ ਇਜ਼ਹਾਰ ਕੀਤਾ ਗਿਆ।