ਮੋਗਾ, 4 ਜੁਲਾਈ ( ਜਸ਼ਨ ) : ਮੋਗਾ ਸ਼ਹਿਰ ਵਿੱਚ ਧਾਰਮਿਕ ਸਮਾਗਮਾਂ ਦੇ ਆਯੋਜਨ ਲਈ ਪ੍ਰਸਿੱਧ ਅਨਮੋਲ ਵੈਲਫੇਅਰ ਕਲੱਬ ਮੋਗਾ ਸਿਟੀ ਦੀ ਸਾਲ 2026-27 ਦੀ ਨਵੀਂ ਕਾਰਜਕਾਰਨੀ ਦੀ ਮੀਟਿੰਗ ਭਾਰਤ ਮਾਤਾ ਮੰਦਰ ਦੇ ਉੱਪਰਲੇ ਹਾਲ ਵਿੱਚ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿੱਚ ਕਲੱਬ ਦੇ ਸਰਪ੍ਰਸਤ ਹਰੀ ਚੰਦ ਸਿੰਗਲਾ, ਪ੍ਰਧਾਨ ਰਾਜੇਸ਼ ਅਰੋੜਾ, ਉਪ ਪ੍ਰਧਾਨ ਗੌਰਵ ਜਿੰਦਲ, ਸਕੱਤਰ ਵਿਵੇਕ ਮਜੀਠੀਆ, ਸਹਿ ਸਕੱਤਰ ਰਾਜੇਸ਼ ਧੀਮਾਨ ਕਾਕੂ, ਕੈਸ਼ੀਅਰ ਐਡਵੋਕੇਟ ਪ੍ਰਵੀਣ ਸਚਦੇਵਾ, ਵਾਈਸ ਚੇਅਰਮੈਨ ਪ੍ਰਹਿਲਾਦ ਕਾਲੜਾ, ਸਲਾਹਕਾਰ ਗਗਨਦੀਪ ਮਿੱਤਲ, ਸਹਿ ਸਲਾਹਕਾਰ ਅਮਨ ਮਹਿੰਦੀ, ਪ੍ਰੈੱਸ ਸਕੱਤਰ ਕਪਿਲ ਕਪੂਰ, ਸੋਸ਼ਲ ਮੀਡੀਆ ਇੰਚਾਰਜ ਅਕਸ਼ੇ ਗੁਲਾਟੀ, ਸੰਨੀ ਕਪੂਰ, ਚਮਨ ਲਾਲ ਮਿੱਤਲ, ਪ੍ਰਿੰਸ ਗਾਬਾ, ਰਾਹੁਲ ਗਰੋਵਰ, ਐਗਜ਼ਿਕਿਊਟਿਵ ਮੈਂਬਰ ਧੀਰਜ ਸੂਦ, ਮਾਨਵ ਕਾਲੜਾ, ਦੀਪਕ ਸ਼ਰਮਾ, ਉੱਘੇ ਪੱਤਰਕਾਰ ਮੋਹਿਤ ਕੋਛੜ, ਸਾਹਿਲ ਅਰੋੜਾ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।
ਇਸ ਮੌਕੇ ਪ੍ਰਧਾਨ ਰਾਜੇਸ਼ ਅਰੋੜਾ ਨੇ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਭਗਵਤੀ ਦੇ ਨਵਰਾਤਰਿਆਂ ਮੌਕੇ ਪੁਰਾਣੀ ਦਾਣਾ ਮੰਡੀ ਵਿੱਚ ‘ਮੇਲੇ ਮਈਆ ਦੇ’ ਧਾਰਮਿਕ ਸਮਾਗਮ ਅਤੇ ਮਾਤਾ ਭਗਵਤੀ ਦੀਆਂ ਚੌਂਕੀਆਂ 11 ਤੋਂ 20 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਦੇਸ਼ ਦੇ 24 ਸ਼ਕਤੀਪੀਠਾਂ ਤੋਂ ਪਾਵਨ ਜੋਤਾਂ ਭਗਤਾਂ ਦੇ ਦਰਸ਼ਨਾਂ ਲਈ ਮੋਗਾ ਲਿਆਂਦੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਵਨ ਜੋਤਾਂ ਦੀ ਵਿਸ਼ਾਲ ਸ਼ੋਭਾ ਯਾਤਰਾ 10 ਅਕਤੂਬਰ ਨੂੰ ਗੀਤਾ ਭਵਨ ਚੌਂਕ ਨੇੜੇ ਚਿੰਤਪੁਰਨੀ ਧਰਮਸ਼ਾਲਾ ਤੋਂ ਸ਼ਾਨਦਾਰ ਢੰਗ ਨਾਲ ਕੱਢੀ ਜਾਵੇਗੀ। ਸ਼ੋਭਾ ਯਾਤਰਾ ਵਿੱਚ ਮਾਤਾ ਭਗਵਤੀ ਦਾ ਵਿਸ਼ਾਲ ਰਥ, 24 ਪਾਵਨ ਜੋਤਾਂ, ਸਾਲਾਸਰ ਬਾਲਾ ਜੀ ਮਹਾਰਾਜ ਅਤੇ ਭੈਰਵ ਬਾਬਾ ਦੀਆਂ ਜੋਤਾਂ, ਢੋਲ-ਨਗਾੜੇ ਅਤੇ ਬੈਂਡ ਵਾਜਿਆਂ ਦੀਆਂ ਸੁਰੀਲੀਆਂ ਧੁਨਾਂ ਮੁੱਖ ਆਕਰਸ਼ਣ ਹੋਣਗੀਆਂ। ਰਾਜੇਸ਼ ਅਰੋੜਾ ਨੇ ਕਿਹਾ ਕਿ ਕਲੱਬ ਵੱਲੋਂ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਸਮਾਗਮ ਦੀ ਰੂਪ-ਰੇਖਾ ਵੀ ਤਿਆਰ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਮੋਗਾ ਵਾਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਸ ਧਾਰਮਿਕ ਸਮਾਗਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 11 ਤੋਂ 20 ਅਕਤੂਬਰ ਤੱਕ ਹਰ ਰੋਜ਼ ਮਾਤਾ ਭਗਵਤੀ ਦੀਆਂ ਪਾਵਨ ਚੌਂਕੀਆਂ ਦੌਰਾਨ ਪ੍ਰਸਿੱਧ ਭਜਨ ਗਾਇਕਾਂ ਵੱਲੋਂ ਮਾਤਾ ਦਾ ਗੁਣਗਾਨ ਕੀਤਾ ਜਾਵੇਗਾ।