ਜਲੂਪੁਰ ਖੇੜਾ, ਅੰਮ੍ਰਿਤਸਰ, ਨਵੰਬਰ 21: ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਅਤੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅੱਜ ਆਪਣੇ ਜੱਦੀ ਪਿੰਡ ਜਲੂਪੁਰ ਖੇੜਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਆਪਣੀ ਦਾਦੀ ਮਾਤਾ ਚਰਨ ਕੌਰ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਭਾਰੀ ਪੁਲਿਸ ਬੰਦੋਬਸਤ ਦਰਮਿਆਨ ਪਹਿਲਾਂ ਉਨ੍ਹਾਂ ਨੂੰ ਜੱਦੀ ਘਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਮਾਤਾ ਚਰਨ ਕੌਰ ਦੇ ਅੰਤਿਮ ਦਰਸ਼ਨ ਕੀਤੇ। ਇਸ ਉਪਰੰਤ ਉਹ ਟਰੈਕਟਰ-ਟਰਾਲੀ ਰਾਹੀਂ ਕਰੀਬ ਦੋ ਕਿਲੋਮੀਟਰ ਦੂਰ ਸਸਕਾਰ ਵਾਲੀ ਜਗ੍ਹਾ ਪਹੁੰਚੇ।
ਰਸਤੇ ਵਿੱਚ ਆਪਣੇ ਆਗੂ ਦੀ ਇੱਕ ਝਲਕ ਪਾਉਣ ਲਈ ਸਮਰਥਕਾਂ ਅਤੇ ਸੰਗਤ ਦਾ ਆਪ-ਮੁਹਾਰਾ ਇਕੱਠ ਦੇਖਣ ਨੂੰ ਮਿਲਿਆ। 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਗੂੰਜਦੇ ਜੈਕਾਰਿਆਂ ਨਾਲ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਭਾਵੇਂ ਇਹ ਪਰਿਵਾਰ ਲਈ ਬੇਹੱਦ ਦੁੱਖ ਦੀ ਘੜੀ ਸੀ, ਪਰ ਲੋਕਾਂ ਦਾ ਭਾਰੀ ਉਤਸ਼ਾਹ ਅਤੇ ਆਪਣੇ ਆਗੂ ਪ੍ਰਤੀ ਪਿਆਰ ਦੇਖਣ ਵਾਲਾ ਸੀ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਦੋਵੇਂ ਹੱਥ ਜੋੜ ਕੇ ਸੰਗਤ ਦਾ ਧੰਨਵਾਦ ਕੀਤਾ।
ਅੰਤਿਮ ਅਰਦਾਸ ਉਪਰੰਤ ਪੰਡਾਲ ਇੱਕ ਵਾਰ ਫਿਰ ਜੈਕਾਰਿਆਂ ਨਾਲ ਗੂੰਜ ਉੱਠਿਆ। ਸਸਕਾਰ ਤੋਂ ਬਾਅਦ ਕਰੀਬ ਤਿੰਨ ਵਜੇ ਪੁਲਿਸ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ। ਪਰਿਵਾਰਕ ਮੈਂਬਰਾਂ ਨੇ ਪਹੁੰਚੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੰਗਤ ਵੱਲੋਂ ਦਿੱਤੇ ਇਸ ਪਿਆਰ ਅਤੇ ਸਤਿਕਾਰ ਲਈ ਹਮੇਸ਼ਾ ਰਿਣੀ ਰਹਿਣਗੇ।
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਮਹਿਜ਼ ਤਿੰਨ ਘੰਟਿਆਂ ਦੀ ਮੌਜੂਦਗੀ ਦੌਰਾਨ ਲੋਕਾਂ ਦਾ ਇਹ ਭਾਰੀ ਇਕੱਠ ਉਨ੍ਹਾਂ ਪ੍ਰਤੀ ਲੋਕਾਂ ਦੇ ਪਿਆਰ ਅਤੇ ਭਰੋਸੇ ਦਾ ਪ੍ਰਗਟਾਵਾ ਸੀ।





