ਫਾਇਰਿੰਗ ਮਾਮਲੇ ’ਚ ਪੁਲਿਸ ਦੀ ਜਾਂਚ ਤੇਜ਼, ਫੋਰੈਂਸਿਕ ਟੀਮਾਂ ਨੇ ਮੌਕੇ ਤੋਂ ਇਕੱਠੇ ਕੀਤੇ ਸਬੂਤ

ਲਾਲ ਟੀ-ਸ਼ਰਟ ਵਾਲੇ ਨੌਜਵਾਨ ਦੀ ਭਾਲ ਤੇਜ਼, Kinetic ਸਕੂਟਰ ਦੇ ਨੰਬਰ ਤੋਂ ਪੁਲਿਸ ਕਰੇਗੀ ਟ੍ਰੇਸ

ਅੰਮ੍ਰਿਤਸਰ ਸਾਹਿਬ ,14 ਅਗਸਤ (ਜਸ਼ਨ ) ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਘਰ ਦੇ ਬਾਹਰ ਖੜ੍ਹੀ ਕਾਰ ’ਤੇ ਗੋਲੀ ਲੱਗਣ ਦੇ ਮਾਮਲੇ ਨੂੰ ਲੈ ਕੇ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਖੁਦ ਗਿਆਨੀ ਰਘਬੀਰ ਸਿੰਘ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿਆ। ਇਸ ਦੌਰਾਨ ਫੋਰੈਂਸਿਕ ਲੈਬ ਦੀਆਂ ਟੀਮਾਂ ਵੀ ਮੌਕੇ ’ਤੇ ਮੌਜੂਦ ਰਹੀਆਂ ਅਤੇ ਘਟਨਾ ਨਾਲ ਸਬੰਧਤ ਸਬੂਤ ਇਕੱਠੇ ਕੀਤੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਘਰ ਦੇ ਬਾਹਰ ਖੜ੍ਹੀ ਕਾਰ ਦੇ ਉੱਪਰ ਇੱਕ ਪੈਲੇਟ ਆ ਕੇ ਲੱਗਿਆ ਹੈ। ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕਿਸੇ ਦੂਰੋਂ ਚੱਲੀ ਸਟਰੇ ਬੁਲੇਟ ਦਾ ਮਾਮਲਾ ਹੈ ਜਾਂ ਗੋਲੀ ਕਿਸੇ ਹੋਰ ਚੀਜ਼ ਨਾਲ ਟਕਰਾ ਕੇ ਆਪਣੀ ਦਿਸ਼ਾ ਬਦਲਣ ਤੋਂ ਬਾਅਦ ਕਾਰ ’ਤੇ ਆ ਕੇ ਲੱਗੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਹੈ ਅਤੇ ਫਿਲਹਾਲ ਕਿਸੇ ਨਾਲ ਦੁਸ਼ਮਣੀ ਜਾਂ ਰੰਜਿਸ਼ ਦੀ ਗੱਲ ਸਾਹਮਣੇ ਨਹੀਂ ਆਈ। ਉਨ੍ਹਾਂ ਦੇ PSO ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਪੁਲਿਸ ਮੁਤਾਬਕ ਘਰ ਦੇ ਬਿਲਕੁਲ ਬਾਹਰੋਂ ਫਾਇਰ ਹੋਣ ਦੀ ਗੱਲ ਸਾਹਮਣੇ ਨਹੀਂ ਆ ਰਹੀ, ਸਗੋਂ ਆਵਾਜ਼ ਦੂਰੋਂ ਆਉਣ ਦੀ ਜਾਣਕਾਰੀ ਮਿਲੀ ਹੈ। ਹਰਮਨਬੀਰ ਸਿੰਘ ਗਿੱਲ ਨੇ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਹਾਦਸੇ ਸਮੇਤ ਹਰ ਸੰਭਾਵਨਾ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕਿਸੇ ਵਿਅਕਤੀ ਵੱਲੋਂ ਹਵਾਈ ਫਾਇਰ ਕੀਤਾ ਗਿਆ ਹੋਵੇ ਅਤੇ ਗੋਲੀ ਕਿਸੇ ਇਮਾਰਤ ਜਾਂ ਹੋਰ ਚੀਜ਼ ਨਾਲ ਟਕਰਾ ਕੇ ਦਿਸ਼ਾ ਬਦਲ ਗਈ ਹੋਵੇ ਤਾਂ ਉਸ ਐਂਗਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ CCTV ਵਿੱਚ ਨਜ਼ਰ ਆਏ ਲਾਲ ਟੀ-ਸ਼ਰਟ ਵਾਲੇ ਨੌਜਵਾਨ ਬਾਰੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਨੌਜਵਾਨ ਨੇ ਮਾਸਕ ਨਹੀਂ ਪਾਇਆ ਹੋਇਆ ਸੀ ਅਤੇ ਉਹ Kinetic ਸਕੂਟਰ ’ਤੇ ਆਇਆ ਸੀ। ਪੁਲਿਸ ਵੱਲੋਂ ਸਕੂਟਰ ਦੇ ਨੰਬਰ ਅਤੇ ਨੌਜਵਾਨ ਦੇ ਹੁਲੀਏ ਦੇ ਆਧਾਰ ’ਤੇ ਉਸ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜੇਕਰ ਨੌਜਵਾਨ ਬੇਕਸੂਰ ਹੋਇਆ ਤਾਂ ਉਸ ਬਾਰੇ ਗਿਆਨੀ ਰਘਬੀਰ ਸਿੰਘ ਨੂੰ ਵੀ ਦੱਸਿਆ ਜਾਵੇਗਾ, ਜਦਕਿ ਕਸੂਰਵਾਰ ਪਾਏ ਜਾਣ ’ਤੇ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਕਮਿਸ਼ਨਰ ਨੇ ਪੁਸ਼ਟੀ ਕੀਤੀ ਕਿ ਇਸ ਮਾਮਲੇ ਵਿੱਚ ਕੇਸ ਰਜਿਸਟਰ ਕੀਤਾ ਜਾ ਰਿਹਾ ਹੈ