ਮੋਗਾ, 16 ਅਗਸਤ (ਜਸ਼ਨ ) ਅਜ਼ਾਦੀ ਦੇ 80 ਸਾਲ ਬੀਤ ਜਾਣ ਦੇ ਬਾਵਜੂਦ ਸ਼ੁੱਧ ਪਾਣੀ ਨੂੰ ਅਜੇ ਵੀ ਕਈ ਇਲਾਕਿਆਂ ਦੇ ਲੋਕ ਤਰਸ ਰਹੇ ਨੇ। ਇੱਕ ਪਾਸੇ ਜਿੱਥੇ ਦੇਸ਼ ਭਰ ਵਿਚ 80 ਵੇਂ ਅਜ਼ਾਦੀ ਦਿਹਾੜੇ ਦੇ ਜਸ਼ਨਾਂ ਦੇ ਚੱਲ ਰਹੇ ਸਮਾਗਮਾਂ ਦੌਰਾਨ ਸਰਕਾਰੀ ਅਧਿਕਾਰੀਆਂ ਵਲੋਂ ਬਾਹਵਾਂ ਖੜ੍ਹੀਆਂ ਕਰਕੇ ਦੇਸ਼ ਦੀ ਤਰੱਕੀ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ ਉੱਥੇ ਦੂਜੇ ਪਾਸੇ ਮੋਗਾ ਨਿਵਾਸੀ ਦਹਾਕਿਆਂ ਪੁਰਾਣੀ ਸ਼ੁੱਧ ਪਾਣੀ ਦੀ ਸਪਲਾਈ ਯਕੀਨੀ ਤੌਰ ਤੇ ਨਾਂ ਮਿਲਣ ਕਰਕੇ ਪ੍ਰੇਸ਼ਾਨ ਹੋਏ ਪਾਣੀ ਦੀ ਭਾਲ ਲਈ ਇੱਧਰ ਉੱਧਰ ਭਟਕ ਰਹੇ ਨੇ । ਮੋਗਾ ਸ਼ਹਿਰ ਦੇ ਵਾਰਡ ਨੰਬਰ 38 ਤੋਂ ਇਲਾਵਾ ਵਾਰਡ 7 ਅਤੇ 9 ਤੋਂ ਇਲਾਵਾ ਸ਼ਹਿਰ ਦੇ ਬਹੁਤ ਸਾਰੇ ਹਿੱਸਿਆ ਵਿਚ ਪੀਣ ਵਾਲੇ ਪਾਣੀ ਨਾਲ ਗੰਦੇ ਪਾਣੀ ਦੀ ਸਪਲਾਈ ਆ ਰਹੀ ਹੈ। ਵਾਰਡ 38 ਅਧੀਨ ਪੈਂਦੇ ਪ੍ਰਤਾਪ ਰੋਡ, ਨਿਊ ਟਾਊਨ-1, ਨਿਊ ਟਾਊਨ, ਚੈਂਬਰ ਰੋਡ, ਰੇਲਵੇ ਰੋਡ, ਪੁਰਾਣੀ ਦਾਣਾ ਮੰਡੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਘਰਾਂ ਨੂੰ ਗੰਦੇ ਅਤੇ ਦੂਸ਼ਿਤ ਪਾਣੀ ਦੀ ਸਪਲਾਈ ਆਉਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਚੱਲ ਰਹੀ ਇਸ ਸਮੱਸਿਆ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਦੇ ਕੰਮਾਂ ਵਿੱਚ ਵੀ ਦਿੱਕਤ ਆ ਰਹੀ ਹੈ। ਵਾਰਡ ਵਾਸੀਆਂ ਨੇ ਕਿਹਾ ਕਿ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਤੋਂ ਲੈ ਕੇ ਵਾਰਡ ਕੌਂਸਲਰ ਤੱਕ ਵੀ ਕਈ ਦਫ਼ਾ ਸ਼ਿਕਾਇਤ ਕੀਤੀ ਹੈ ਪ੍ਰੰਤੂ ਸਮੱਸਿਆ ਜਿਉ ਦੀ ਤਿਉ ਹੈ। ਕੌਂਸਲਰ ਡਿੰਪਲ ਅਰੋੜਾ ਨੇ ਵਾਰਡ ਵਾਸੀਆਂ ਦੇ ਹਿੱਤਾਂ ਦੀ ਡਟਵੀਂ ਪਹਿਰੇਦਾਰੀ ਕਰਦਿਆਂ ਇਹ ਮਾਮਲਾ ਕੁੱਝ ਦਿਨ ਪਹਿਲਾ ਨਗਰ ਨਿਗਮ ਮੋਗਾ ਦੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਵੀ ਉਠਾਇਆਂ ਸੀ ਤੇ ਇਸ ਮਗਰੋਂ ਲੋਕਾਂ ਨੂੰ ਇਹ ਆਸ ਬੱਝੀ ਸੀ ਕਿ ਸਮੱਸਿਆ ਦਾ ਜਲਦੀ ਹੱਲ ਹੋਵੇਗਾ ਪ੍ਰੰਤੂ ਕਈ ਦਿਨ ਬੀਤਣ ਮਗਰੋਂ ਵੀ ਸਮੱਸਿਆਂ ਦਾ ਹੱਲ ਨਹੀਂ ਹੋਇਆ ਹੈ। ਉਨ੍ਹਾਂ ਨਗਰ ਨਿਗਮ ਤੋਂ ਮੰਗ ਕੀਤੀ ਕਿ ਤੁਰੰਤ ਸਬੰਧਤ ਅਧਿਕਾਰੀਆਂ ਦੀ ਟੀਮ ਮੌਕੇ ’ਤੇ ਭੇਜ ਕੇ ਪਾਣੀ ਦੀਆਂ ਪਾਈਪਲਾਈਨਾਂ ਅਤੇ ਸੀਵਰੇਜ ਲਾਈਨਾਂ ਦੀ ਜਾਂਚ ਕਰਵਾਈ ਜਾਵੇ ਅਤੇ ਦੂਸ਼ਿਤ ਪਾਣੀ ਦੀ ਸਪਲਾਈ ਨੂੰ ਤੁਰੰਤ ਰੋਕਿਆ ਜਾਵੇ।